ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲਗਭਗ 10 ਮਹੀਨੇ ਬੀਤ ਚੁੱਕੇ ਹਨ ਪਰ ਹਰ ਬੀਤਦੇ ਦਿਨ, ਮਹੀਨਿਆਂ ਨਾਲ ਕਿਸਾਨਾਂ ਦਾ ਜੋਸ਼ ਅਤੇ ਸੰਕਲਪ ਜੇਠ ਦੇ ਪਾਰੇ ਵਾਂਗ ਵੱਧਦਾ ਹੀ ਜਾ ਰਿਹਾ ਹੈ । ਇਸ ਮਹਾਨ ਅੰਦੋਲਨ ਵਿਚ ਐਜੂ ਯੂਥ ਵੈੱਲਫੇਅਰ ਫ਼ਾਊਂਡੇਸ਼ਨ ਦੇ ਚੇਅਰਮੈਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਆਈਐੱਮਟੀ ਵਿਖੇ ਪੋ੍ਫੈਸਰ ਕੰਵਰ ਸਰਤਾਜ ਸਿੰਘ ਵੱਲੋਂ ਆਪਣੀ ਟੀਮ ਸਮੇਤ ਪੂਰਾ ਸਮਰੱਥਨ ਦਿੱਤਾ ਜਾ ਰਿਹਾ ਹੈ। ਉਕਤ ਸੰਸਥਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੀ ਹੋਈ ਹੈ ਅਤੇ ਅੰਦੋਲਨ ਵਿਚ ਆਪਣਾ ਪੂਰਨ ਯੋਗਦਾਨ ਪਾ ਰਹੇ ਹਨ। ਜ਼ਿਕਰਯੋਗ ਹੈ ਕਿ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਬੀਤੇ ਕਈ ਦਹਾਕਿਆਂ ਤੋਂ ਕਿਸਾਨੀ ਨੂੰ ਬਚਾਉਣ ਲਈ ਦੋਆਬਾ ਅਤੇ ਮਾਝਾ ਖੇਤਰ ਵਿਚ ਆਪਣਾ ਪੂਰਨ ਯੋਗਦਾਨ ਪਾ ਰਹੀ ਹੈ ਅਤੇ ਦਿੱਲੀ ਚੱਲ ਰਹੇ ਸੰਘਰਸ਼ ਵਿਚ ਪੰਜਾਬ ਦੀਆਂ 31 ਹੋਰ ਜਥੇਬੰਦੀਆਂ ਨਾਲ ਮਿਲ ਕੇ ਪੂਰੇ ਪੰਜਾਬ ਦੀ ਆਵਾਜ਼ ਨੂੰ ਦਿੱਲੀ ਮੋਰਚੇ ਵਿਚ ਬੁਲੰਦ ਕਰ ਰਹੀ ਹੈ। ਜਥੇਬੰਦੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ, ਜੋ ਲਗਾਤਾਰ 10 ਮਹੀਨਿਆਂ ਤੋਂ ਨਿਰੰਤਰ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਹਰਜਿੰਦਰ ਸਿੰਘ ਟਾਂਡਾ ਸਹਿਜ ਦਾ ਸਰੋਤ ਹਨ, ਜਿਨ੍ਹਾਂ ਦੇਸ਼ ਅਤੇ ਸਮਾਜ ਲਈ ਬਿਨਾਂ ਕਿਸੇ ਲਾਭ-ਲਾਲਚ ਦੇ ਕੰਮ ਕਰਨ ਦੀ ਪੇ੍ਰਰਨਾ ਮਿਲਦੀ ਹੈ, ਜਿਸ ਦੇ ਨਕਸ਼ੇ ਕਦਮਾਂ 'ਤੇ ਪੋ੍ਫੈਸਰ ਕੰਵਰ ਸਰਤਾਜ ਸਿੰਘ ਤੇ ਉਨ੍ਹਾਂ ਦੀ ਸੰਸਥਾ ਕੰਮ ਕਰ ਰਹੀ ਹੈ।

ਪਿਛਲੇ 10 ਮਹੀਨਿਆਂ ਤੋਂ ਪੋ੍ਫੈਸਰ ਕੰਵਰ ਸਰਤਾਜ ਸਿੰਘ ਵੱਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਹੀ ਬਹੁਤਾ ਸਮਾਂ ਬਤੀਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਐਜੂ ਯੂਥ ਸੰਸਥਾ ਐਜੂ ਯੂਥ ਫ਼ਾਊਂਡੇਸ਼ਨ ਅਤੇ ਸ਼ਹਿਰ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਕਈ ਸੁਚੱਜੇ ਕੰਮ ਵੀ ਕੀਤੇ ਜਾ ਰਹੇ ਹਨ। ਪੋ੍ਫੈਸਰ ਕੰਵਰ ਸਰਤਾਜ ਸਿੰਘ ਦੱਸਦੇ ਹਨ ਕਿ ਅਜਿਹੇ ਕਈ ਜਲੰਧਰ ਅਤੇ ਨਾਲ ਲੱਗਦੀਆਂ ਥਾਵਾਂ ਦੇ ਲੋਕ ਜੋ ਆਪਣੇ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਦਿੱਲੀ ਮੋਰਚੇ 'ਤੇ ਨਹੀਂ ਜਾ ਪਾ ਰਹੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੇ ਉਨ੍ਹਾਂ ਦੇ ਸਾਥ ਨਾਲ ਬੀਤੇ 10 ਮਹੀਨਿਆਂ ਵਿਚ ਲਗਭਗ 13 ਟਰਾਲੀਆਂ ਜ਼ਰੂਰੀ ਰਸਦਾਂ ਜਿਵੇਂ ਪਲੇਟਾਂ, ਗਿਲਾਸ, ਫਰਿੱਜ, ਪਾਣੀ ਦੀਆਂ ਭੇਜ ਚੁੱਕੇ ਹਾਂ ਅਤੇ ਅਗਲੇ ਕੁਝ ਦਿਨਾਂ ਵਿਚ ਮੌਸਮ ਅਨੁਸਾਰ ਹੋਰ ਜ਼ਰੂਰੀ ਵਸਤਾਂ ਵੀ ਭੇਜੀਆਂ ਜਾਣਗੀਆਂ।