ਰਾਕੇਸ਼ ਗਾਂਧੀ ਜਲੰਧਰ

ਥਾਣਾ ਨੰ. ਤਿੰਨ ਦੀ ਹੱਦ 'ਚ ਪੈਂਦੇ ਰੇਲਵੇ ਰੋਡ 'ਤੇ ਸਥਿਤ ਇਕ ਗੈਸਟ ਹਾਊਸ ਦੇ ਮਾਲਕ ਉਪਰ ਆਪਣੇ ਗੈਸਟ ਹਾਊਸ 'ਚ ਦੇਹ ਵਪਾਰ ਦਾ ਧੰਦਾ ਕਰਨ ਦਾ ਦੋਸ਼ ਲਾਉਂਦੇ ਹੋਏ ਇਲਾਕਾ ਵਾਸੀਆਂ ਨੇ ਜੰਮ ਕੇ ਪ੍ਰਦਰਸ਼ਨ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਗੈਸਟ ਹਾਊਸ ਦੇ ਸਟਾਫ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਕੇ ਗੈਸਟ ਹਾਊਸ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਾਲੀ ਡੀਵੀਆਰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਨਿਸ਼ਚਿੰਤ ਕੌਰ ਨੇ ਦੱਸਿਆ ਕਿ ਬਲੈਸਿੰਗ ਇਨ ਗੈਸਟ ਹਾਊਸ ਵਿਚ ਦੇਹ ਵਪਾਰ ਦਾ ਧੰਦਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਜਿਸ ਦੀ ਸ਼ਿਕਾਇਤ ਕਈ ਵਾਰ ਉਨ੍ਹਾਂ ਨੇ ਪੁਲਿਸ ਨੂੰ ਵੀ ਦਿੱਤੀ ਪਰ ਉਸ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮੰਗਲਵਾਰ ਸਵੇਰੇ ਵੀ ਇਸ ਗੈਸਟ ਹਾਊਸ ਵਿਚ ਕਈ ਮੁੰਡੇ ਕੁੜੀਆਂ ਅੰਦਰ ਗਏ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਗੈਸਟ ਹਾਊਸ ਦੇ ਮਾਲਕ ਰਾਜੇਸ਼ ਖੰਨਾ ਨੇ ਉਨ੍ਹਾਂ ਨੂੰ ਗੈਸਟ ਹਾਊਸ ਦੇ ਅੰਦਰ ਗੱਲਬਾਤ ਕਰਨ ਲਈ ਬੁਲਾਇਆ। ਜਦ ਉਹ ਆਪਣੇ ਪੁੱਤਰ ਨਾਲ ਗੈਸਟ ਹਾਊਸ ਦੇ ਅੰਦਰ ਗਈ ਤਾਂ ਗੈਸਟ ਹਾਊਸ ਦੇ ਮਾਲਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਤੇ ਉਨ੍ਹਾਂ ਨਾਲ ਮਾਰਕੁੱਟ ਕੀਤੀ। ਉਨ੍ਹਾਂ ਨੇ ਗੈਸਟ ਹਾਊਸ 'ਚੋ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਇਕੱਠਾ ਕੀਤਾ ਅਤੇ ਗੈਸਟ ਹਾਊਸ ਦੇ ਬਾਹਰ ਮਾਲਿਕ ਤੇ ਸਟਾਫ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸੁਖਵਿੰਦਰ ਸਿੰਘ ਤੇ ਥਾਣਾ ਤਿੰਨ ਦੇ ਮੁਖੀ ਮੁਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਗੈਸਟ ਹਾਊਸ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ਵਿਚ ਲਿਆ। ਏਸੀਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਲਈ ਗੈਸਟ ਹਾਊਸ ਦੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਕਬਜ਼ੇ ਵਿਚ ਲੈ ਲਈ ਹੈ ਅਤੇ ਉਸ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।