ਹੰਸ ਰਾਜ ਪ੍ਰਰੀਤ/ਸੋਨਾ ਪੁਰੇਵਾਲ, ਜੰਡਿਆਲਾ ਮੰਜਕੀ/ਸ਼ੰਕਰ : ਨਿੱਜੀ ਸਕੂਲਾਂ ਦੇ ਸੁਰੱਖਿਆ ਪ੍ਰਬੰਧਾਂ ਤੇ ਖਸਤਾ ਹਾਲਤ ਬੱਸਾਂ 'ਤੇ ਪ੍ਰਸ਼ਾਸਨ ਦੀ ਿਢੱਲੀ ਕਾਰਗੁਜ਼ਾਰੀ ਨਿੱਤ ਨਵੇਂ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਨਿੱਜੀ ਸਕੂਲ ਦੀਆਂ ਬੱਸਾਂ ਖਸਤਾ ਹਾਲਤ ਹੋਣ ਦੇ ਨਾਲ-ਨਾਲ ਸਕੂਲਾਂ ਵੱਲੋਂ ਬੱਸਾਂ ਚਲਾਉਣ ਲਈ ਰੱਖੇ ਗਏ ਬੱਸ ਚਾਲਕ ਵੀ ਬਹੁਤ ਅਣਗਹਿਲੀ ਕਰਦੇ ਹਨ। ਸਕੂਲਾਂ ਵੱਲੋਂ ਕੀਤੀ ਜਾ ਰਹੀ ਅਣਗਹਿਲੀ ਤੇ ਗੈਰ-ਜ਼ਿੰਮੇਵਾਰੀ ਦਾ ਨਤੀਜਾ ਸੜਕ ਹਾਦਸਿਆਂ 'ਚ ਜ਼ਖ਼ਮੀ ਹੋਏ ਮਾਸੂਮ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਮੰਗਲਵਾਰ ਸਵੇਰੇ ਤਕਰੀਬਨ 8:30 ਵਜੇ ਨੇੜਲੇ ਪਿੰਡ ਚਾਨੀਆਂ ਦੀ ਪੁਲੀ ਨਜ਼ਦੀਕ ਅਮਰਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਦੀ ਬੱਸ ਪਲਟ ਗਈ। ਮੌਕੇ ਤੋਂ ਪ੍ਰਰਾਪਤ ਕੀਤੀ ਜਾਣਕਾਰੀ ਅਨੁਸਾਰ ਨਿੱਜੀ ਸਕੂਲ ਦੀ ਬੱਸ ਪੀਬੀ08 ਸੀਪੀ9501 ਬਜੂਹਾ ਖੁਰਦ ਤੋਂ ਸਕੂਲ ਦੇ ਬੱਚਿਆਂ ਨੂੰ ਲੈ ਕੇ ਪਿੰਡ ਚਾਨੀਆਂ ਵੱਲ ਜਾ ਰਹੀ ਸੀ, ਜਦੋਂ ਬੱਸ ਪਿੰਡ ਚਾਨੀਆਂ ਅੱਡੇ ਦੀ ਪੁਲੀ ਨੇੜੇ ਪੁੱਜੀ ਤਾਂ ਬੱਸ ਦੇ ਅਗਲੇ ਟਾਇਰਾਂ 'ਚ ਖਰਾਬੀ ਆਉਣ ਨਾਲ ਬੇਕਾਬੂ ਹੋ ਕੇ ਪਲਟ ਗਈ। ਬੱਸ ਪਲਟਣ 'ਤੇ ਬੱਚਿਆਂ ਨੂੰ ਬਚਾਉਣ ਦੀ ਬਜਾਏ ਬੱਸ ਚਾਲਕ ਤੇ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਏ। ਬੱਸ 'ਚ ਸਵਾਰ ਸੱਤ ਮਾਸੂਮ ਬੱਚਿਆਂ ਨੂੰ ਬਚਾਉਣ ਲਈ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਬੱਸ ਤੇਜ਼ ਰਫ਼ਤਾਰ 'ਚ ਆ ਰਹੀ ਸੀ ਜਿਸ ਕਾਰਨ ਹਾਦਸਾ ਵਾਪਰਿਆ ਹੈ। ਹਾਦਸੇ ਦੌਰਾਨ ਜ਼ਖਮੀ ਹੋਏ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਥਾਣਾ ਨਕੋਦਰ ਅਧੀਨ ਆਉਂਦੀ ਪੁਲਸ ਚੌਕੀ ਸ਼ੰਕਰ ਦੇ ਹੈੱਡ ਕਾਂਸਟੇਬਲ ਉਮੇਸ਼ ਕੁਮਾਰ ਸਾਥੀਆਂ ਸਮੇਤ ਮੌਕੇ 'ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਹੈੱਡਕਾਂਸਟੇਬਲ ਉਮੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਫਰਾਰ ਬੱਸ ਚਾਲਕ ਤੇ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।