ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡਿਪਟੀ ਕਮਿਸ਼ਨ ਘਨਸ਼ਿਆਮ ਥੋਰੀ ਨੇ ਪ੍ਰਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਦੇ ਪਾਜ਼ੇਟਿਵ ਮਰੀਜ਼ਾਂ ਦੀਆਂ ਲਾਸ਼ਾਂ ਦੀ ਸਾਂਭ-ਸੰਭਾਲ ਕਰਨ ਲਈ ਆਰਜ਼ੀ ਮੋਰਚਰੀਆਂ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਜਾਰੀ ਆਦੇਸ਼ਾਂ 'ਚ ਡੀਸੀ ਥੋਰੀ ਨੇ ਕਿਹਾ ਹੈ ਕਿ ਸਿਵਲ ਸਰਜਨ ਵੱਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਜਦੋਂ ਕਿਸੇ ਪ੍ਰਰਾਈਵੇਟ ਹਸਪਤਾਲ ਵਿਚ ਕੋਵਿਡ-19 ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਉਸ ਦੀ ਮਿ੍ਤਕ ਦੇਹ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤੀ ਜਾਂਦੀ ਹੈ। ਇਸ ਲਈ ਜ਼ਿਲ੍ਹੇ ਦੇ ਸਾਰੇ ਪ੍ਰਰਾਈਵੇਟ ਹਸਪਤਾਲਾਂ ਦੇ ਇੰਚਾਰਜ ਮੈਡੀਕਲ ਅਫਸਰ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਜਦੋਂ ਵੀ ਉਨ੍ਹਾਂ ਦੇ ਹਸਪਤਾਲ ਵਿਚ ਕਿਸੇ ਵੀ ਕੋਵਿਡ-19 ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਸਾਂਭ-ਸੰਭਾਲ ਵਾਸਤੇ ਫੋਰੈਂਸਿਕ ਮੈਡੀਕਲ ਐਕਸਪਰਟ ਅਨੁਸਾਰ ਹਰੇਕ ਹਸਪਤਾਲ 'ਚ ਇਕ ਕਮਰਾ ਮੋਰਚਰੀ ਵਜੋਂ ਰੱਖਿਆ ਜਾਵੇ। ਉਸ ਕਮਰੇ ਵਿਚ 2 ਟਨ ਦਾ ਏਸੀਸੀ ਲਵਾਇਆ ਜਾਵੇ ਤੇ ਇਹ ਕਮਰਾ ਚਾਰਾਂ ਪਾਸਿਓਂ ਬੰਦ ਹੋਣਾ ਚਾਹੀਦਾ ਹੈ। ਇਸ ਕਮਰੇ 'ਚ ਮਿ੍ਤਕ ਦੇਹ 16 ਘੰਟੇ ਲਈ ਬਿਨਾਂ ਕਿਸੇ ਨੁਕਸਾਨ ਦੇ ਰੱਖੀ ਜਾ ਸਕਦੀ ਹੈ। ਜੇ ਮਿ੍ਤਕ ਦੇਹ ਨੂੰ ਇਸ ਤੋਂ ਵੱਧ ਸਮੇਂ ਲਈ ਰੱਖਣਾ ਪੈਂਦਾ ਹੈ ਤਾਂ ਉਸ ਲਈ ਡੀਪ ਫਰੀਜ਼ਰ ਦਾ ਪ੍ਰਬੰਧ ਕੀਤਾ ਜਾਵੇ। ਡੀਸੀ ਥੋਰੀ ਨੇ ਕਿਹਾ ਕਿ ਕੋਈ ਵੀ ਡੈੱਡ ਬਾਡੀ ਸਿਵਲ ਹਸਪਤਾਲ ਨਾ ਭੇਜੀ ਜਾਵੇ ਕਿਉਂਕਿ ਉਥੇ ਸਿਰਫ਼ ਹਸਪਤਾਲ/ਈਐੱਸਆਈ ਹਸਪਤਾਲ ਦੀਆਂ ਮਿ੍ਤਕ ਦੇਹਾਂ ਰੱਖਣ ਦੀ ਹੀ ਸਮਰੱਥਾ ਹੈ। ਡਿਪਟੀ ਕਮਿਸ਼ਨਰ ਨਿੱਜੀ ਹਸਪਤਾਲਾਂ ਨੂੰ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਅੱਗੇ ਤੋਂ ਕਿਸੇ ਵੀ ਪ੍ਰਰਾਈਵੇਟ ਹਸਪਤਾਲ ਤੋਂ ਆਈ ਮਿ੍ਤਕ ਦੇਹ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਨਹੀਂ ਰੱਖੀ ਜਾਵੇਗੀ।