ਰਾਜ ਕੁਮਾਰ ਨੰਗਲ, ਫਿਲੌਰ : ਇਥੋਂ ਦੇ ਗੜ੍ਹਾ ਵਾਸੀ ਮਹੰਤ ਕਾਜਲ ਵੱਲੋਂ ਆਪਣੇ ਚੇਲੇ ਕਿੰਨਰ ਭਾਵਨਾ ਤੇ ਉਸ ਸਾਥੀਆਂ ਕਿਰਨ ਤੇ ਵਿਸ਼ਾਲ ਵਿਰੁੱਧ 55 ਤੋਲੇ ਸੋਨੇ ਦੇ ਗਹਿਣੇ, ਅੱਧਾ ਕਿੱਲੋ ਚਾਂਦੀ ਤੇ ਪੰਜ ਲੱਖ ਰੁਪਏ ਨਕਦੀ ਚੋਰੀ ਕਰਨ ਦੇ ਲਾਏ ਗਏ ਦੋਸ਼ਾਂ ਨੂੰ ਉਕਤ ਤਿੰਨਾਂ ਨੇ ਝੂਠਾ ਕਰਾਰ ਦਿੱਤਾ ਹੈ।

ਅੱਜ ਇਥੇ ਪ੍ਰਰੈੱਸ ਕਾਨਫਰੰਸ ਕਰ ਕੇ ਕਿੰਨਰ ਭਾਵਨਾ, ਉਸ ਦੇ ਚੇਲੇ ਕਿਰਨ ਤੇ ਵਿਸ਼ਾਲ ਨੇ ਕਿਹਾ ਕਿ ਉਨ੍ਹਾਂ ਗੁਰੂ ਕੋਲੋਂ ਆਪਣਾ ਇਲਾਕਾ ਮੰਗਿਆ ਤਾਂ ਉਸ ਨੇ ਚੋਰੀ ਦਾ ਝੂਠਾ ਦੋਸ਼ ਲਾ ਦਿੱਤਾ। ਇਸ ਵਿਚ ਕੋਈ ਸੱਚਾਈ ਨਹੀਂ ਹੈ। ਕਿੰਨਰ ਭਾਵਨਾ ਨੇ ਦੱਸਿਆ ਕਿ ਉਹ ਪਿਛਲੇ 12 ਸਾਲ ਤੋਂ ਕਾਜਲ ਮਹੰਤ ਜੋ ਉਸ ਦੀ ਗੁਰੂ ਹੈ, ਦੇ ਡੇਰੇ 'ਚ ਰਹਿ ਕੇ ਵਧਾਈ ਮੰਗਣ ਦਾ ਕੰਮ ਕਰਦੇ ਸਨ। ਉਸ ਨੇ ਦੋਸ਼ ਲਾਇਆ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ। ਜਦੋਂ ਉਹ ਕਾਜਲ ਮਹੰਤ ਦੇ ਸੰਪਰਕ 'ਚ ਆਇਆ ਤਾਂ ਉਸ ਦਾ ਿਲੰਗ ਪਰਿਵਰਤਨ ਕਰਵਾ ਕੇ ਕਿੰਨਰ ਬਣਾ ਦਿੱਤਾ। ਹੁਣ 12 ਸਾਲ ਬਾਅਦ ਜਦ ਉਸ ਨੇ ਆਪਣਾ ਇਲਾਕਾ ਮੰਗਿਆ ਤਾਂ ਉਸ 'ਤੇ ਚੋਰੀ ਦਾ ਝੂਠਾ ਦੋਸ਼ ਲਾ ਦਿੱਤਾ। ਭਾਵਨਾ ਨੇ ਦੋਸ਼ ਲਾਇਆ ਕਿ ਡੇਰੇ 'ਚ ਸਾਰੇ ਕੰਮ ਨਾਜਾਇਜ਼ ਹੁੰਦੇ ਹਨ। ਕਾਜਲ ਮਹੰਤ ਜਿਸ ਜਗ੍ਹਾ ਰਹਿੰਦੀ ਹੈ, ਉਸ 'ਤੇ ਵੀ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਭਾਵਨਾ, ਕਿਰਨ ਤੇ ਵਿਸ਼ਾਲ ਨੇ ਮੰਗ ਕੀਤੀ ਕਿ ਮਹੰਤ ਕਾਜਲ ਤੇ ਉਸ ਦੇ ਡੇਰੇ ਬਾਰੇ ਜਾਂਚ ਹੋਣੀ ਚਾਹੀਦੀ ਹੈ।

---------

ਚੋਰੀ ਦਾ ਮਾਮਲਾ ਦਬਾਉਣ ਲਈ ਲਾ ਰਹੇ ਦੋਸ਼ : ਕਾਜਲ ਮਹੰਤ

ਇਸ ਸਬੰਧੀ ਕਾਜਲ ਮਹੰਤ ਨੇ ਕਿਹਾ ਕਿ ਭਾਵਨਾ ਹੁਣ ਚੋਰੀ ਦੀ ਗੱਲ ਲੁਕਾਉਣ ਲਈ ਉਨ੍ਹਾਂ 'ਤੇ ਹੀ ਬੇ-ਬੁਨਿਆਦ ਦੋਸ਼ ਲਾਉਣ ਲੱਗ ਪਈ ਹੈ। ਜੇਕਰ ਉਸ ਨੇ ਆਪਣਾ ਇਲਾਕਾ ਲੈਣਾ ਸੀ ਤਾਂ ਉਹ ਸਾਡੇ ਨਾਲ ਭਾਈਚਾਰਕ ਤੌਰ 'ਤੇ ਬੈਠ ਕੇ ਗੱਲ ਕਰਦੀ, ਇਸ ਤਰ੍ਹਾਂ ਚੋਰੀ ਕਰਕੇ ਭੱਜਦੀ ਨਾ।