ਲਤੀਫ਼ਪੁਰਾ ਰੋਡ ਤੋਂ ਕਿਸੇ ਵੀ ਸਮੇਂ ਹਟਾਏ ਜਾ ਸਕਦੇ ਨੇ ਕਬਜ਼ੇ, ਰੋਸ ਵਧਿਆ
ਲਤੀਫਪੁਰਾ ਰੋਡ ’ਤੇ ਪਾਈਪਲਾਈਨਾਂ ਵਿਛਾਉਣ ਦੀਆਂ ਤਿਆਰੀਆਂ, ਕਿਸੇ ਵੀ ਸਮੇਂ ਕਬਜ਼ੇ ਹਟਾਏ ਜਾ ਸਕਦੇ ਹਨ, ਲੋਕਾਂ ਨੇ ਕੀਤਾ ਵਿਰੋਧ
Publish Date: Tue, 09 Dec 2025 08:57 PM (IST)
Updated Date: Tue, 09 Dec 2025 09:00 PM (IST)

--ਪ੍ਰਸ਼ਾਸਨ ਨੂੰ 15 ਨੂੰ ਹਾਈ ਕੋਰਟ ’ਚ ਅਦਾਲਤੀ ਹੁਕਮ ਦੀ ਅਦੂਲੀ ਦੇ ਮਾਮਲੇ ’ਚ ਦੇਣਾ ਹੋਵੇਗਾ ਜਵਾਬ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਤੀਫਪੁਰਾ ਤੋਂ ਕਬਜ਼ੇ ਹਟਾਉਣ ਦੀ ਕਾਰਵਾਈ ਨੂੰ ਤਿੰਨ ਸਾਲ ਹੋ ਗਏ ਹਨ। ਪ੍ਰਸ਼ਾਸਨ ਨੇ ਜਿਨ੍ਹਾਂ ਦੇ ਕਬਜ਼ੇ ਹਟਾਏ ਸਨ, ਉਹ ਹੁਣ ਮੇਨ ਰੋਡ ’ਤੇ ਕਾਬਜ਼ ਹਨ ਪਰ ਹੁਣ ਇਹ ਕਬਜ਼ਾ ਵੀ ਹਟਾਉਣ ਦੀ ਤਿਆਰੀ ਦਿਸ ਰਹੀ ਹੈ। ਇਸ ਰੋਡ ’ਤੇ ਲੋਕਾਂ ਦਾ ਕਬਜ਼ਾ ਹੈ, ਉਸੇ ਰੋਡ ’ਤੇ ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪ ਵਿਛਾਉਣ ਦਾ ਕੰਮ ਸ਼ੁਰੂ ਹੋਇਆ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਹੁਣ ਸੜਕ ਤੋਂ ਵੀ ਕਬਜ਼ਾ ਹਟਾ ਦਿੱਤਾ ਜਾਵੇਗਾ। ਕਬਜ਼ਾ ਹਟਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਦੇਸ਼ ਦਿੱਤੇ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਨਹੀਂ ਕੀਤਾ। ਇਸ ਨੂੰ ਲੈ ਕੇ ਪਟੀਸ਼ਨਕਰਤਾ ਨੇ ਡਿਪਟੀ ਕਮਿਸ਼ਨਰ ਵਿਰੁੱਧ ਅਦਾਲਤ ਦੀ ਉਲੰਘਣਾ ਦਾ ਕੇਸ ਦਾਇਰ ਕੀਤਾ ਹੈ ਤੇ ਇਸ ਮਾਮਲੇ ’ਚ ਡੀਸੀ ਨੂੰ 15 ਦਸੰਬਰ ਨੂੰ ਕੋਰਟ ’ਚ ਜਵਾਬ ਦੇਣਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਕਾਰਵਾਈ ਕਰ ਸਕਦਾ ਹੈ। ਇਸ ਸੰਭਾਵਨਾ ਨੂੰ ਲੈ ਕੇ ਲਤੀਫ਼ਪੁਰਾ ਮੁੜ ਬਸਾਓ ਮੋਰਚੇ ਨੇ ਮੰਗਲਵਾਰ ਨੂੰ ਕਿਸਾਨ ਸੰਗਠਨਾਂ ਦੇ ਲੀਡਰਾਂ ਤੇ ਲਤੀਫ਼ਪੁਰਾ ਵਾਸੀਆਂ ਨਾਲ ਰਲ ਕੇ ਕਾਲੇ ਝੰਡੇ ਲਹਿਰਾ ਕੇ ਵਿਰੋਧ ਦਰਸਾਇਆ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪ ਦਾ ਰੂਟ ਪਲਾਨ ਬਦਲਿਆ ਗਿਆ ਸੀ। ਪਹਿਲਾਂ ਪਾਈਪ ਲਤੀਫਪੁਰਾ ਤੋਂ ਹੀ ਵਿਛਾਉਣੀ ਸੀ, ਪਰ ਰੂਟ ਬਦਲ ਕੇ ਗੁਰੂ ਰਵਿਦਾਸ ਚੌਕ ਤੋਂ ਮੈਨਬ੍ਰੋ ਚੌਕ ਤੇ ਫਿਰ ਗੁਰੂ ਤੇਗ ਬਹਾਦਰ ਨਗਰ ਵੱਲ ਪਾਈਪ ਪਾਈ ਜਾ ਰਹੀ ਸੀ। ਹੁਣ ਅਚਾਨਕ ਦੁਬਾਰਾ ਪੁਰਾਣੇ ਰੂਟ ਮੁਤਾਬਕ ਲਤੀਫਪੁਰਾ ਤੋਂ ਹੀ ਪਾਈਪ ਵਿਛਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਲਤੀਫਪੁਰਾ ਮੁੜ ਵਸਾਓ ਮੋਰਚਾ ਦੇ ਪ੍ਰਤੀਨਿਧੀਆਂ ਨੇ ਪੁਤਲਾ ਸਾੜਨ ਤੋਂ ਬਾਅਦ ਕਿਹਾ ਕਿ ਕੌਂਸਲਰ ਹਰਸ਼ਰਨ ਕੌਰ ਹੈਪੀ ਤੇ ਮਾਡਲ ਟਾਊਨ ਦੀ ਕੌਂਸਲਰ ਅਰੁਣਾ ਅਰੋੜਾ ਨੇ ਪਹਿਲਾਂ ਕੰਮ ਰੁਕਵਾਇਆ ਸੀ ਪਰ ਹੁਣ ਲਤੀਫਪੁਰਾ ਮੋਰਚੇ ’ਚੋਂ ਪਾਈਪ ਲਾਈਨ ਲੰਘਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੋਵੇਂ ਕੌਂਸਲਰਾਂ ਨੇ ਪੰਜਾਬ ਸਰਕਾਰ ਤੇ ਲੈਂਡ ਮਾਫੀਆ ਦਾ ਸਾਥ ਦੇ ਕੇ ਲਤੀਫਪੁਰਾ ਵਾਸੀਆਂ ਨਾਲ ਦਗਾ ਕਮਾਇਆ ਹੈ। ਇਸ ਸਬੰਧੀ ਅੱਜ ਸਾਰੇ ਕਿਸਾਨ ਸੰਗਠਨਾਂ ਤੇ ਲਤੀਫਪੁਰਾ ਦੇ ਵਾਸੀਆਂ ਵੱਲੋਂ ਪੂਰੀ ਮੀਟਿੰਗ ਕੀਤੀ ਗਈ ਤੇ ਕਿਹਾ ਗਿਆ ਕਿ ਅਸੀਂ ਇਸ ਪਾਣੀ ਦੀ ਪਾਈਪਲਾਈਨ ਦਾ ਸਖਤ ਵਿਰੋਧ ਕਰਾਂਗੇ ਤੇ ਇਸ ਪਾਈਪਲਾਈਨ ਨੂੰ ਮੋਰਚੇ ਵਾਲੀ ਥਾਂ ’ਚੋਂ ਲੰਘਣ ਨਹੀਂ ਦੇਵਾਂਗੇ। ਇਸ ਮੌਕੇ ਮੋਰਚੇ ’ਚ ਕਿਸਾਨ ਸੰਗਠਨਾਂ ਦੇ ਆਗੂ ਲਖਵੀਰ ਸਿੰਘ ਸੌਂਟੀ, ਬਲਜਿੰਦਰ ਸਿੰਘ ਲਸੋਈ, ਬਿੱਟੂ ਚੌਹਾਨ, ਜਸਪਾਲ ਸਿੰਘ ਸਲਾਨਾ, ਬਾਬਾ ਚਰਨ ਸਿੰਘ, ਸੰਤੋਖ ਸਿੰਘ ਸੰਧੂ, ਭਾਨ ਸਿੰਘ, ਬਲਵੀਰ ਸਿੰਘ, ਬੀਬੀ ਨਰਿੰਦਰ ਕੌਰ, ਪਰਮਜੀਤ ਕੌਰ, ਹਰਭਜਨ ਕੌਰ, ਰਾਜਵਿੰਦਰ ਕੌਰ, ਮੰਜੀਤ ਕੌਰ ਬਾਜਵਾ ਮੌਜੂਦ ਰਹੇ। ------------------- ਪਾਈਪ ਲਾਈਨ ਵਿਛਾਉਂਦੇ ਪਾਣੀ ਦੇ ਕੁਨੈਕਸ਼ਨ ਟੁੱਟੇ ਗੁਰੂ ਤੇਗ ਬਹਾਦਰ ਨਗਰ ’ਚ ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪ ਲਾਈਨ ਵਿਛਾਉਣ ਦੌਰਾਨ ਲੋਕਾਂ ਦੇ ਪਾਣੀ ਦੇ ਕੁਨੈਕਸ਼ਨ ਟੁੱਟ ਗਏ। ਇਸ ਰੋਡ ’ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦਵੇ ਸਿੰਘ ਲਾਡੀ ਸ਼ੇਰੋਵਾਲੀਆ ਦਾ ਵੀ ਘਰ ਹੈ। ਲਗਪਗ 12 ਕਨੈਕਸ਼ਨ ਟੁੱਟੇ ਹਨ, ਜਿਸ ’ਤੇ ਇਲਾਕਾ ਵਾਸੀਆਂ ਨੇ ਰੋਸ ਪ੍ਰਗਟਾਇਆ ਹੈ। ਪਾਣੀ ਸਪਲਾਈ ਦੀ ਪਾਈਪ ਠੀਕ ਕਰਨ ’ਚ ਦੋ ਤੋਂ ਤਿੰਨ ਦਿਨ ਲੱਗ ਸਕਦੇ ਹਨ। ਇਸ ਕਰਕੇ ਲੋਕਾਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।