ਜੇਐੱੱਨਐੱਨ, ਜਲੰਧਰ : ਤੇਲ ਡੀਪੂ ਤੋਂ ਪੈਟਰੋਲ ਪੰਪ ਡੀਲਰਸ਼ਿਪ ਤਕ ਪੈਟਰੋਲ-ਡੀਜ਼ਲ ਪਹੁੰਚਾਉਣ ਵਾਲੇ ਟਰੱਕਾਂ (ਤੇਲ ਟੈਂਕਰ) 'ਚ ਇਲੈਕਟ੍ਰੋਮੈਗਨੈਟਿਕ ਲਾਕਸ ਲਾਉਣ ਲਈ ਡੀਲਰਾਂ ਕੋਲੋਂ ਵਸੂਲੀ ਕੀਤੇ ਜਾਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਪੈਟਰੋਲ ਪੰਪ ਡੀਲਰ ਐਸੋਸੀਏਸ਼ਨ(ਪੀਪੀਡੀਏ), ਪੰਜਾਬ ਨੇ ਇਸ ਨੂੰ ਤੇਲ ਕੰਪਨੀਆਂ ਦਾ ਧੱਕਾ ਕਰਾਰ ਦਿੱਤਾ ਹੈ। ਤੇਲ ਕੰਪਨੀਆਂ ਰਸਤੇ 'ਚ ਟੈਂਕਰਾਂ 'ਚੋਂ ਤੇਲ ਚੋਰੀ ਨਾ ਹੋ ਜਾਵੇ, ਲਈ ਇਲੈਕਟ੍ਰੋਮੈਗਨੈਟਿਕ ਲਾਕਸ ਲਗਾਉਣ ਜ਼ਰੂਰੀ ਦੱਸ ਰਹੀਆਂ ਹਨ। ਪੀਪੀਡੀਏ ਪੰਜਾਬ ਦੇ ਬੁਲਾਰੇ ਮੌਂਟੀ ਗੁਰਮੀਤ ਸਹਿਗਲ ਨੇ ਦੱਸਿਆ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐੱਲ) ਵੱਲੋਂ ਆਪਣੇ ਡੀਲਰਾਂ ਨੂੰ ਤੇਲ ਦੀ ਢੋਆ-ਢੁਆਈ ਲਈ ਵਰਤੋਂ 'ਚ ਆਉਣ ਵਾਲੇ ਟੈਂਕਰਾਂ 'ਤੇ ਇਲੈਕਟ੍ਰੋਮੈਗਨੈਟਿਕ ਲਾਕਸ ਲਗਾਉਣ ਲਈ ਡੀਲਰਾਂ ਦੇ ਖ਼ਾਤੇ 'ਚੋਂ ਪੈਸੇ ਕੱਟ ਲਏ ਜਾਣ ਦੀ ਮਨਜ਼ੂਰੀ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੋ ਵਾਰ ਇਲੈਕਟ੍ਰੋਮੈਗਨੈਟਿਕ ਲਾਕਸ ਲਾਉਣ ਦਾ ਤਜਰਬਾ ਅਸਫਲ ਰਿਹਾ ਹੈ ਤੇ ਦੋਵੇਂ ਵਾਰ ਡੀਲਰਾਂ ਨੂੰ ਇਸ ਦੇ ਲਈ ਪੈਸੇ ਦੇਣ ਲਈ ਮਜਬੂਰ ਕੀਤਾ ਗਿਆ ਸੀ। ਬਾਅਦ 'ਚ ਢਾਬਿਆਂ ਤਕ ਇਹ ਇਲੈਕਟ੍ਰੋਮੈਗਨੈਟਿਕ ਲਾਕਸ ਖੋਲ੍ਹਣ ਵਾਲੀਆਂ ਚਾਬੀਆਂ ਉਪਲੱਬਧ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਬੀਪੀਸੀਐੱਲ ਤੋਂ ਬਾਅਦ ਹੋਰ ਤੇਲ ਕੰਪਨੀਆਂ ਵੀ ਇਹ ਵਸੂਲੀ ਸ਼ੁਰੂ ਕਰ ਦੇਣਗੀਆਂ ਜੋ ਕਿ ਪੈਟਰੋਲ ਪੰਪ ਡੀਲਰਾਂ ਨਾਲ ਧੱਕਾ ਹੋਵੇਗਾ। ਉਨ੍ਹਾਂ ਕਿਹਾ ਕਿ ਰਿਟੇਲ ਆਊਟਲੈਟਸ 'ਤੇ ਬਰਾਬਰ ਮਾਤਰਾ 'ਚ ਤੇਲ ਪਹੁੰਚਾਉਣ ਦੀ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ, ਜਦੋਂਕਿ ਏਨੇ ਤਜਰਬੇ ਕਰਨ ਦੇ ਬਾਵਜੂਦ ਹੁਣ ਤਕ ਤੇਲ ਦੀ ਸਹੀ ਮਿਕਦਾਰ ਪੈਟਰੋਲ ਪੰਪਾਂ 'ਤੇ ਪਹੁੰਚਦੀ ਹੀ ਨਹੀਂ। ਉਨ੍ਹਾਂ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਪੈਟਰੋਲੀਅਮ ਡੀਲਰ ਫਲੋ ਮੀਟਰ ਲਾਉਣ ਦੀ ਮੰਗ ਕਰ ਰਹੇ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪੈਟਰੋਲ ਪੰਪ 'ਚ ਪੈਟਰੋਲ-ਡੀਜ਼ਲ ਪਹੁੰਚਾਉਣ ਵਾਲੇ ਟਰੱਕਾਂ 'ਚ ਪੁਰਾਣੇ ਤੌਰ-ਤਰੀਕਿਆਂ ਨਾਲ ਹੀ ਤੇਲ ਦੀ ਮਿਣਤੀ ਚੈਕ ਕੀਤੀ ਜਾਂਦੀ ਹੈ ਜਿਸ 'ਚ ਕਦੇ ਵੀ ਸੌ ਫ਼ੀਸਦੀ ਤਰੁੱਟੀ ਰਹਿਤ ਨਤੀਜਾ ਸਾਹਮਣੇ ਨਹੀਂ ਆਉਂਦਾ। ਟੈਂਕਰ 'ਚੋਂ ਜਿੰਨਾ ਤੇਲ ਘੱਟ ਨਿਕਲਦਾ ਹੈ, ਉਸ ਦਾ ਖਮਿਆਜ਼ਾ ਸਬੰਧਿਤ ਪੈਟਰੋਲ ਪੰਪ ਡੀਲਰ ਨੂੰ ਭੁਗਤਣਾ ਪੈਂਦਾ ਹੈ। ਇਸ ਨਾਲ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ।