ਜਤਿੰਦਰ ਪੰਮੀ, ਜਲੰਧਰ

ਕੋਰੋਨਾ ਦੀ ਦੂਜੀ ਲਹਿਰ ਹੌਲ਼ੀ-ਹੌਲ਼ੀ ਮੱਠੀ ਪੈਣ ਲੱਗੀ ਹੈ ਪਰ ਮਹਾਮਾਰੀ ਪ੍ਰਤੀ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਭਵਿੱਖ ਲਈ ਖ਼ਤਰਾ ਬਣ ਸਕਦੀ ਹੈ। ਸੋਮਵਾਰ ਨੂੰ ਦੋ-ਦੋ ਦੇ 3 ਬੱਚਿਆਂ ਸਮੇਤ 98 ਲੋਕ ਕੋਰੋਨਾ ਦੀ ਗਿ੍ਫ਼ਤ 'ਚ ਆਏ ਤੇ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 62088 ਤਕ ਪੁੱਜ ਗਈ। ਕੋਰੋਨਾ ਨਾਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਤਿੰਨੇ ਬਜ਼ੁਰਗ ਹਨ। 186 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪਰਤੇ। ਸਿਹਤ ਵਿਭਾਗ ਮੁਤਾਬਕ ਸੋਮਵਾਰ ਨੂੰ ਸ਼ਹਿਰ ਦੇ ਦੋ ਥਾਣਿਆਂ 'ਚੋਂ ਦੋ ਪੁਲਿਸ ਮੁਲਾਜ਼ਮ, ਮਿਲਟਰੀ ਹਸਪਤਾਲ ਤੋਂ 3, ਨਕੋਦਰ, ਰਾਮਾ ਮੰਡੀ ਤੇ ਮਾਡਲ ਟਾਊਨ ਤੋਂ 5-5, ਜਲੰਧਰ ਛਾਉਣੀ, ਸ਼ਾਹਕੋਟ, ਬਸਤੀ ਗੁਜ਼ਾਂ ਤੇ ਕਿਸ਼ਨਪੁਰਾ ਤੋਂ 4-4,ਫਿਲੌਰ, ਅਰਜੁਨ ਨਗਰ ਤੇ ਬਸਤੀ ਸ਼ੇਖ ਤੋਂ 3-3 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ।

ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਮਰੀਜ਼ਾਂ ਦੀ ਗਿਣਤੀ ਜ਼ੀਰੋ ਕਰਨ ਲਈ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ਹੈ। ਸੋਮਵਾਰ ਨੂੰ ਲੈਬਾਂ ਤੋਂ ਆਈਆਂ ਰਿਪੋਰਟਾਂ 'ਚ ਜ਼ਿਲ੍ਹੇ ਦੇ 98 ਲੋਕ ਪਾਜ਼ੇਟਿਵ ਅਤੇ 5986 ਨੈਗੇਟਿਵ ਪਾਏ ਗਏ। ਉਥੇ ਹੀ 3926 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਐਕਟਿਵ ਮਰੀਜ਼ਾਂ ਦੀ ਗਿਣਤੀ ਘਟ ਕੇ 1004 ਰਹਿ ਗਈ ਹੈ। ਕੋਰੋਨਾ ਤੋਂ ਜੰਗ ਜਿੱਤਣ ਵਾਲੇ ਲੋਕਾਂ ਦਾ ਅੰਕੜਾ 59640 ਅਤੇ ਮਰਨ ਵਾਲਿਆਂ ਦੀ ਗਿਣਤੀ 1444 ਤਕ ਪੁੱਜ ਗਈ ਹੈ।

7140 ਲੋਕਾਂ ਨੂੰ ਲੱਗੀ ਵੈਕਸੀਨ

ਸੋਮਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਰਕਾਰੀ ਤੇ ਨਿੱਜੀ ਸੈਂਟਰਾਂ 'ਚ ਵੈਕਸੀਨ ਲਾਉਣ ਦਾ ਸਿਲਸਿਲਾ ਜਾਰੀ ਰਿਹਾ। ਉਥੇ ਹੀ ਚੰਡੀਗੜ੍ਹ ਤੋਂ ਆਈ ਟੀਮ ਨੇ ਵੈਕਸੀਨ ਸੈਂਟਰਾਂ ਦਾ ਜਾਇਜ਼ਾ ਲਿਆ। ਚੰਡੀਗੜ੍ਹ ਤੋਂ ਟੀਕਾਕਰਨ ਵਿੰਗ ਦੀ ਡਿਪਟੀ ਡਾਇਰੈਕਟਰ ਡਾ. ਬਲਵਿੰਦਰ ਕੌਰ ਨੇ ਦੌਰਾ ਕੀਤਾ। ਉਥੇ ਹੀ ਸੋਮਵਾਰ ਨੂੰ ਜ਼ਿਲ੍ਹੇ 'ਚ 7140 ਲੋਕਾਂ ਨੇ ਵੈਕਸੀਨ ਲਵਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਲੋਕਾਂ 'ਚ ਕੋਵੀਸ਼ੀਲਡ ਤੇ ਕੋਵੈਕਸੀਨ ਦੀ ਦੂਜੀ ਡੋਜ਼ ਲਵਾਉਣ ਵੀ ਸ਼ਾਮਲ ਹਨ। ਉਥੇ ਹੀ 18-44 ਸਾਲ ਦੇ ਲੋਕਾਂ ਨੂੰ ਵੀ ਪਹਿਲੀ ਡੋਜ਼ ਲੱਗੀ। ਸਿਹਤ ਵਿਭਾਗ ਦੇ ਸਟੋਰ 'ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ 4850 ਕੋਵੈਕਸੀਨ ਤੇ 1740 ਕੋਵੀਸ਼ੀਲਡ ਦੀਆ ਖੁਰਾਕਾਂ ਅਤੇ 18-44 ਸਾਲ ਤਕ ਦੀ ਉਮਰ ਦੇ ਲੋਕਾਂ ਲਈ ਮੁੱਲ ਵਾਲੀ ਵੈਕਸੀਨ ਦੀਆਂÎ 1160 ਕੋਵੈਕਸੀਨ ਤੇ ਮੁਫਤ ਲੱਗਣ ਵਾਲੀ ਕੋਵੀਸ਼ੀਲਡ ਦੀਆ 10 ਖੁਰਾਕਾਂ ਪਈਆਂ ਹਨ।

ਦੂਜੇ ਦਿਨ ਵੀ ਬਲੈਕ ਫੰਗਸ ਦਾ ਕੋਈ ਮਰੀਜ਼ ਨਹੀਂ ਮਿਲਿਆ

ਲਗਾਤਾਰ ਦੂਜੇ ਵੀ ਬਲੈਕ ਫੰਗਸ ਦਾ ਕੋਈ ਮਰੀਜ਼ ਨਾ ਮਿਲਣ ਕਾਰਨ ਸਿਹਤ ਵਿਭਾਗ ਨੇ ਰਾਹਤ ਮਹਿਸੂਸ ਕੀਤੀ। ਐਤਵਾਰ ਤੋਂ ਬਾਅਦ ਸੋਮਵਾਰ ਨੂੰ ਵੀ ਬਲੈਕ ਫੰਗਸ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕੋਈ ਮੌਤ ਹੋਈ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮਰੀਜ਼ਾਂ ਦੀ ਗਿਣਤੀ 71 ਤਕ ਪੁੱਜ ਗਈ ਸੀ ਅਤੇ ਜ਼ਿਲ੍ਹੇ 'ਚ ਬਲੈਕ ਫੰਗਸ ਨਾਲ ਮੌਤਾਂ ਦੀ ਗਿਣਤੀ 17 ਸੀ।