ਜਗਜੀਤ ਸਿੰਘ ਸੁਸ਼ਾਂਤ, ਜਲੰਧਰ : ਥਾਈਲੈਂਡ 'ਚ ਇਕ ਸਮਾਗਮ ਵਿਚ ਹੋਈ ਪੂਲ ਪਾਰਟੀ ਵਿਚ ਵਿਧਾਇਕ ਪਰਗਟ ਸਿੰਘ ਨੇ ਮੇਅਰ ਜਗਦੀਸ਼ ਰਾਜਾ ਨੂੰ ਪਾਣੀ ਵਿਚ ਡੁਬੋ-ਡੁਬੋ ਕੇ ਆਪਣੀ ਭੜਾਸ ਕੱਢੀ। ਵਿਧਾਇਕ ਪਰਗਟ ਸਿੰਘ ਦੇ ਇਸ਼ਾਰੇ 'ਤੇ ਮਜ਼ਾਕ ਹੀ ਮਜ਼ਾਕ 'ਚ ਮੇਅਰ ਰਾਜਾ ਨੂੰ ਪੂਲ ਪਾਰਟੀ 'ਚ ਸਾਥੀਆਂ ਦੀ ਮਦਦ ਨਾਲ ਪਾਣੀ ਦੇ ਅੰਦਰ-ਬਾਹਰ ਉਛਾਲਿਆ ਗਿਆ। ਮੇਅਰ ਇਸ ਤੋਂ ਭੜਕੇ ਤਾਂ ਮੁੱਖ ਮੰਤਰੀ ਦੇ ਓਐੱਸਡੀ ਸੋਨੂੰ ਢੇਸੀ ਨੇ ਮੇਅਰ ਦਾ ਬਚਾਅ ਕੀਤਾ। ਉਹ ਮੇਅਰ ਨੂੰ ਲੈ ਕੇ ਇਕ ਸਾਈਡ 'ਤੇ ਗਏ। ਵਿਧਾਇਕ ਪਰਗਟ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਇਸ ਮਜ਼ਾਕ ਤੋਂ ਮੇਅਰ ਨਾਰਾਜ਼ ਹੋ ਗਏ ਤੇ ਪੂਲ 'ਚ ਹੀ ਪਰਗਟ ਸਿੰਘ ਨਾਲ ਨਾਰਾਜ਼ਗੀ ਵੀ ਪ੍ਰਗਟਾਈ। ਇਸ ਤੋਂ ਬਾਅਦ ਪਰਗਟ ਸਿੰਘ ਨੇ ਮੇਅਰ ਕੋਲ ਜਾ ਕੇ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਮੇਅਰ ਜਗਦੀਸ਼ ਰਾਜਾ ਖ਼ੁਦ ਵੀ ਇਸ ਪੂਲ ਪਾਰਟੀ ਦੀ ਚਰਚਾ ਕਰਦੇ ਹਨ ਤੇ ਉਨ੍ਹਾਂ ਨੂੰ ਪਾਣੀ 'ਚ ਧੱਕਣ ਦੀ ਗੱਲ ਕਰਦੇ ਹਨ। ਕਹਿੰਦੇ ਹਨ ਕਿ ਪੂਲ ਪਾਰਟੀ 'ਚ ਸਾਰਿਆਂ ਨੂੰ ਧੱਕਿਆ ਗਿਆ, ਪਰ ਹੁਣ ਅਜਿਹੇ ਫੋਟੋ ਸਾਹਮਣੇ ਆ ਰਹੇ ਹਨ ਜਿਸ ਵਿਚ ਮੇਅਰ ਨੇ ਪਰਗਟ ਸਿੰਘ ਨਾਲ ਨਾਰਾਜ਼ਗੀ ਪ੍ਰਗਟਾਈ ਹੈ। ਇਸ ਪੂਲ ਪਾਰਟੀ ਦੀ ਚਰਚਾ ਰਾਜਨੀਤਕ ਤੇ ਕਾਰੋਬਾਰੀ ਹਲਕਿਆਂ 'ਚ ਖ਼ੂਬ ਹੋ ਰਹੀ ਹੈ। ਪੂਲ ਪਾਰਟੀ 'ਚ ਸ਼ਹਿਰ ਤੋਂ ਕਈ ਲੀਡਰ, ਬਿਜ਼ਨਸਮੈਨ ਅਫ਼ਸਰ ਸ਼ਾਮਲ ਹੋਏ ਸਨ। ਜੋ ਫੋਟੋ ਸਾਹਮਣੇ ਆਈ ਹੈ ਉਸ ਵਿਚ ਸਾਫ਼ ਦਿਖ ਰਿਹਾ ਹੈ ਕਿ ਮੇਅਰ ਨਾਲ ਸ਼ਰਾਰਤ ਕਰਨ ਦੀ ਪਲਾਨਿੰਗ ਵਿਧਾਇਕ ਪਰਗਟ ਸਿੰਘ ਨੇ ਕੀਤੀ ਤੇ ਦੋ ਸਾਥੀਆਂ ਦੇ ਕੰਨ 'ਚ ਜਾ ਕੇ ਕੁਝ ਕਿਹਾ। ਇਸ ਤੋਂ ਬਾਅਦ ਪਰਗਟ ਸਿੰਘ, ਸੁਰਜੀਤ ਹਾਕੀ ਨਾਲ ਜੁੜੇ ਇਕ ਅਧਿਕਾਰੀ ਤੇ ਇਕ ਹੋਰ ਸਾਥੀ ਨੇ ਮੇਅਰ ਨੂੰ ਇਕ ਪਾਸੇ ਪੈਰਾਂ ਤੋਂ ਤੇ ਦੂਜੇ ਪਾਸੇ ਹੱਥਾਂ ਤੋਂ ਫੜ ਕੇ ਪਾਣੀ 'ਚ ਡੁਬਕੀਆਂ ਲਗਵਾਈਆਂ। ਅਚਾਨਕ ਹੋਈ ਸ਼ਰਾਰਤ ਨਾਲ ਮੇਅਰ ਹੱਕੇ-ਬੱਕੇ ਰਹਿ ਗਏ ਤੇ ਗੁੱਸਾ ਕਰਨ ਲੱਗੇ। ਮੇਅਰ ਜਗਦੀਸ਼ ਰਾਜਾ ਨੇ ਪਾਰਟੀ ਤੋਂ ਬਾਅਦ ਮੁੱਖ ਮੰਤਰੀ ਦੇ ਓਐੱਸਡੀ ਦੇ ਕਮਰੇ 'ਚ ਜਾ ਕੇ ਮਦਦ ਲਈ ਧੰਨਵਾਦ ਵੀ ਕੀਤਾ। ਵਿਧਾਇਕ ਪਰਗਟ ਸਿੰਘ ਮੇਅਰ ਦੇ ਕੰਮਕਾਜ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਸਮੇਂ-ਸਮੇਂ 'ਤੇ ਮੋਰਚਾ ਖੋਲ੍ਹਦੇ ਰਹੇ ਹਨ। ਪਰਗਟ ਸਿੰਘ ਕਈ ਵਾਰ ਜਨਤਕ ਰੂਪ 'ਚ ਵੀ ਕਹਿ ਚੁੱਕੇ ਹਨ ਕਿ ਸ਼ਹਿਰ ਦੀ ਬੁਰੀ ਹਾਲਤ ਲਈ ਮੇਅਰ ਜ਼ਿੰਮੇਵਾਰ ਹਨ। ਵਿਦੇਸ਼ 'ਚ ਹੋਈ ਇਸ ਸ਼ਰਾਰਤ ਦੀ ਜਦੋਂ ਚਰਚਾ ਹੁੰਦੀ ਹੈ ਤਾਂ ਚਰਚਾ 'ਚ ਸ਼ਾਮਲ ਲੋਕ ਕਹਿੰਦੇ ਹਨ ਕਿ ਪਰਗਟ ਸਿੰਘ ਨੇ ਮੇਅਰ ਦਾ ਸ਼ਹਿਰ 'ਚ ਵੀ ਪਿੱਛਾ ਨਹੀਂ ਛੱਡਿਆ ਸੀ ਤੇ ਹੁਣ ਵਿਦੇਸ਼ 'ਚ ਵੀ ਡੁਬੋਣ 'ਚ ਕਸਰ ਨਹੀਂ ਛੱਡੀ।