ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਵਾਰਡ ਨੰਬਰ 65 ਦੀ ਆਬਾਦੀ ਗਾਂਧੀ ਕੈਂਪ 'ਚ ਪਿਛਲੇ ਦੋ ਮਹੀਨਿਆਂ ਤੋਂ ਦੂਸ਼ਿਤ ਪਾਣੀ ਦੀ ਸ਼ਿਕਾਇਤ ਦੂਰ ਨਾ ਹੋਣ ਦੀ ਸ਼ਿਕਾਇਤ ਲੈ ਕੇ ਕੌਂਸਲਰ ਅੰਜਲੀ ਭਗਤ ਨੇ ਇਲਾਕਾ ਵਾਸੀਆਂ ਨਾਲ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਦੂਸ਼ਿਤ ਪਾਣੀ ਨਾਲ ਭਰੀਆਂ ਬੋਤਲਾਂ ਵਿਖਾਈਆਂ। ਉਨ੍ਹਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਦੇ ਓਐਂਡਐੱਮ ਦੇ ਅਧਿਕਾਰੀਆਂ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਚਿਤ ਕਾਰਵਾਈ ਕਰਨ ਅਤੇ ਜਦੋਂ ਤਕ ਦੂਸ਼ਿਤ ਪਾਣੀ ਦੀ ਸਪਲਾਈ ਦਾ ਨੁਕਸ ਨਹੀਂ ਮਿਲਦਾ, ਤਦ ਤਕ ਉਸ ਦੀ ਤਲਾਸ਼ ਕੀਤੀ ਜਾਵੇ। ਕੌਂਸਲਰ ਅੰਜਲੀ ਨੇ ਕਿਹਾ ਕਿ ਲੋਕ ਦੂਸ਼ਿਤ ਪਾਣੀ ਪੀ ਕੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਤੇ ਹਰ ਘਰ 'ਚ ਕੋਈ ਨਾਲ ਕੋਈ ਮੈਂਬਰ ਉਲਟੀਆਂ ਤੇ ਦਸਤ ਆਉਣ ਕਾਰਨ ਪਰੇਸ਼ਾਨ ਹੈ ਤੇ ਬਿਮਾਰੀ ਤੋਂ ਪੀੜਤ ਹੈ। ਇਸ 'ਤੇ ਕਮਿਸ਼ਨਰ ਨੇ ਓਐਂਡਐੱਮ ਦੇ ਅਧਿਕਾਰੀਆਂ ਨੂੰ ਦੂਸ਼ਿਤ ਪਾਣੀ ਦਾ ਨੁਕਸ ਲੱਭਣ ਲਈ ਕਾਰਵਾਈ ਕਰਨ ਦੀ ਹਦਾਇਤ ਕੀਤੀ।