ਜੇਐੱਨਐੱਨ, ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਡੇਰਾ ਬਾਬਾ ਨਾਨਕ ਤਕ ਪ੍ਰੋਗਰਾਮਾਂ 'ਚ ਗੁਰੂ ਜੀ ਦੇ ਭਾਈਚਾਰੇ ਦੇ ਸੰਦੇਸ਼ 'ਤੇ ਸਿਆਸੀ ਆਗੂ ਅਮਲ ਕਰਦੇ ਨਜ਼ਰ ਆਏ। ਸਿਆਸਤ ਦੀ ਬਰਫ਼ ਪਿਘਲਦੀ ਨਜ਼ਰ ਆਈ। ਸੁਲਤਾਨਪੁਰ ਲੋਧੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਦੋਂ ਪਿੱਛੇ ਚੱਲ ਰਹੇ ਸਨ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੈਪਟਨ ਨੂੰ ਅੱਗੇ ਲੈ ਕੇ ਗਈ।

ਇਸੇ ਤਰ੍ਹਾਂ ਡੇਰਾ ਬਾਬਾ ਨਾਨਕ 'ਚ ਜਦੋਂ ਪ੍ਰਧਾਨ ਮੰਤਰੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਕੁਝ ਦੂਰ ਸਨ। ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਕੈਪਟਨ ਨੂੰ ਅੱਗੇ ਲਿਆਏ ਤੇ ਉਨ੍ਹਾਂ ਹੱਥੋਂ ਪ੍ਰਧਾਨ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਵਾਇਆ।

ਅੱਜ ਕੈਪਟਨ ਨੇ ਵੀ ਆਪਣੇ ਸੰਬੋਧਨ 'ਚ ਬਾਦਲ ਸਾਹਿਬ ਕਹਿ ਕੇ ਸੰਬੋਧਨ ਕੀਤਾ ਜਦਕਿ ਛੇ ਨਵੰਬਰ ਨੂੰ ਪੰਜਾਬ ਵਿਧਆਨ ਸਬਾ ਦੇ ਵਿਸ਼ੇਸ਼ ਸੈਸ਼ਨ 'ਚ ਕੈਪਟਨ ਨੇ ਸਦਨ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਨਾਂ ਤਾਂ ਲਿਆ ਸੀ ਪਰ ਸਭ ਤੋਂ ਬਜ਼ੁਰਗ ਆਗੂ ਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਨਹੀਂ ਲਿਆ ਸੀ। ਬਾਦਲ ਸਦਨ 'ਚ ਮੌਜੂਦ ਸਨ ਜਦਕਿ ਹੁੱਡਾ ਉਸ ਵੇਲੇ ਸਦਨ 'ਚ ਨਹੀਂ ਸਨ। ਅੱਜ ਬਾਦਲ ਨੇ ਵੀ ਵਾਰ-ਵਾਰ ਕੈਪਟਨ ਨੂੰ ਮੁੱਖ ਮੰਤਰੀ ਸਾਹਿਬ ਕਹਿ ਕੇ ਸੰਬੋਧਨ ਕੀਤਾ।

Posted By: Seema Anand