ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਿਹਤ ਵਿਭਾਗ ਵੱਲੋਂ 5 ਸਾਲ ਦੀ ਉਮਰ ਤਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣ ਸਬੰਧੀ ਕੌਮੀ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਤੇ ਡਾ. ਲਵਲੀਨ ਗਰਗ ਡਿਪਟੀ ਡਾਇਰੈਕਟਰ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਦਾਦਾ ਕਾਲੋਨੀ ਵਿਚ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਡਾ. ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਕੁੱਲ 2,43,044 ਬੱੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੰੂਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਜਲੰਧਰ ਜ਼ਿਲ੍ਹੇ ਵਿਚ ਪੇਂਡੂ ਖੇਤਰ ਦੇ 60412 ਤੇ ਸ਼ਹਿਰੀ ਖੇਤਰ ਦੇ 38921 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ। ਜ਼ਿਲ੍ਹੇ ਵਿਚ ਕੁੱਲ 99333 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੰੂਦਾਂ ਪਿਲਾਈਆਂ ਗਈਆਂ। ਪੋਲੀਓ ਬੂਥ 'ਤੇ ਜੋ ਬੱਚੇ ਨਹੀਂ ਆਏ, ਕਿਸੇ ਕਾਰਨ ਪੋਲੀਓ ਰੋਕੂ ਦਵਾਈ ਦੀਆਂ ਬੰੂਦਾਂ ਤੋਂ ਵਾਂਝੇ ਰਹਿ ਗਏ, ਨੂੰ 20 ਅਤੇ 21 ਜਨਵਰੀ 2020 ਨੂੰ ਟੀਮਾਂ ਵੱਲੋਂ ਘਰ-ਘਰ ਜਾ ਕੇ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਸਿਹਤ ਵਿਭਾਗ ਵੱਲੋਂ ਘਰ-ਘਰ ਜਾਣ ਵਾਲੀਆਂ ਕੱੁਲ 2097 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਮੁਹਿੰਮ ਦੌਰਾਨ ਬੱਸ ਸਟੈਂਡ, ਰੇਲਵੇ ਸਟੇਸ਼ਨ, 165 ਇੱਟਾਂ ਦੇ ਭੱਠਿਆਂ, 31 ਨਵ ਨਿਰਮਾਣਿਤ ਹੋ ਰਹੀਆਂ ਇਮਾਰਤਾਂ, 667 ਹਾਈ ਰਿਸਕ ਏਰੀਏ, 232 ਸਲੱਮ ਖੇਤਰਾਂ ਤੇ ਫੈਕਟਰੀਆਂ ਵਿਚ ਕੰਮ ਕਰ ਰਹੇ ਪਰਿਵਾਰਾਂ ਲਈ ਵਿਸ਼ੇਸ਼ ਟੀਮਾਂ ਲਗਾਈਆਂ ਗਈਆਂ ਹਨ। ਪੋਲੀਓ ਮੁਹਿੰਮ ਵਿਚ 23 ਟਰਾਂਜਿਟ ਟੀਮਾਂ ਤੇ 81 ਮੋਬਾਈਲ ਟੀਮਾਂ ਲਗਾਈਆਂ ਗਈਆ ਹਨ। ਪੋਲੀਓ ਮੁਹਿੰਮ ਦੀ ਸਰਗਰਮੀ 'ਤੇ ਨਜ਼ਰ ਰੱਖਣ ਲਈ 209 ਸੁਪਰਵਾਈਜਰ ਵੀ ਲਗਾਏ ਗਏ ਹਨ। ਮੁਹਿੰਮ ਦੌਰਾਨ ਬੱਸ ਸਟੈਂਡ, ਰੇਲਵੇ ਸਟੇਸ਼ਨ, ਇੱਟਾਂ ਦੇ ਭੱਠਿਆਂ, ਨਵ ਨਿਰਮਾਣਿਤ ਹੋ ਰਹੀਆਂ ਇਮਾਰਤਾਂ, ਸਲੱਮ ਖੇਤਰਾਂ ਤੇ ਫੈਕਟਰੀਆਂ ਵਿਚ ਕੰਮ ਕਰ ਰਹੇ ਪਰਿਵਾਰਾਂ ਲਈ ਵਿਸ਼ੇਸ਼ ਪੋਲੀਓ ਰੋਧਕ ਟੀਮਾਂ ਲਗਾਈਆਂ ਗਈਆਂ ਹਨ।

ਇਸ ਮੌਕੇ ਆਈਐੱਮਏ ਦੇ ਪ੍ਰਧਾਨ ਡਾ. ਪੰਕਜ ਪਾਲ ਤੇ ਮੈਂਬਰਾਂ ਵੱਲੋਂ ਬੱਚਿਆਂ ਨੂੰ ਫਰੂਟ ਤਕਸੀਮ ਕੀਤਾ ਗਿਆ। ਡਿਪਟੀ ਡਾਇਰੈਕਟਰ ਡਾ. ਲਵਲੀਨ ਗਰਗ ਵੱਲੋਂ ਜਲੰਧਰ ਦੇ ਵੱਖ-ਵੱਖ ਪੋਲੀਓ ਬੂਥਾਂ ਦਾ ਦੌਰਾ ਕੀਤਾ ਗਿਆ ਤੇ ਪਲਸ ਪੋਲੀਓ ਦੇ ਕੰਮਕਾਜ 'ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਮੌਕੇ ਡਾ. ਸੀਮਾ ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਜਗਦੀਸ਼ ਕੁਮਾਰ ਐੱਸਐੱਮਓ, ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਡਾ. ਪੰਕਜ ਪਾਲ ਪ੍ਰਧਾਨ ਆਈਐੱਮਏ ਜਲੰਧਰ, ਡਾ. ਹਰੀਸ਼ ਭਾਰਦਵਾਜ ਸਾਬਕਾ ਪ੍ਰਧਾਨ ਆਈਐੱਮਏ ਜਲੰਧਰ, ਡਾ. ਸਤੀਸ਼ ਕੁਮਾਰ ਜ਼ਿਲ੍ਹਾ ਐਪੀਡੈਮੀਅੋਲੋਜਿਸਟ, ਡਾ. ਸੁਰਿੰਦਰ ਜਗਤ ਐੱਸਐੱਮਓ ਸਾਬਕਾ, ਡਾ. ਵੀਨਾ ਮੈਡੀਕਲ ਅਫਸਰ, ਡਾ. ਸਾਹਿਬ ਸਿੰਘ ਆਰਐੱਮਓ, ਡਾ. ਹੇਮੰਤ ਮਲਹੋਤਰਾ ਏਐੱਮਓ, ਮਨਪ੍ਰਰੀਤ ਸਿੰਘ, ਸੁਰਭੀ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਤੇ ਸਿਹਤ ਵਿਭਾਗ ਦਾ ਸਟਾਫ ਮੌਜੂਦ ਸੀ।