ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਰਾਮਾ ਮੰਡੀ 'ਚ ਨਾਜਾਇਜ਼ ਕਮਰਸ਼ੀਅਲ ਉਸਾਰੀ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਕੌਂਸਲਰ ਮਨਦੀਪ ਜੱਸਲ ਦੀ ਨਾਜਾਇਜ਼ ਉਸਾਰੀ ਦਾ ਨਗਰ ਨਿਗਮ ਦੀ ਬਿਲਡਿੰਗ ਬ੍ਾਂਚ ਤੋਂ ਰਿਕਾਰਡ ਹਾਸਲ ਕਰ ਲਿਆ ਹੈ। ਨਗਰ ਨਿਗਮ ਨੇ ਨਾਜਾਇਜ਼ ਉਸਾਰੀ ਦੇ ਮਾਮਲੇ 'ਚ ਮਨਦੀਪ ਜੱਸਲ ਖਿਲਾਫ ਐੱਫਆਈਆਰ ਦਰਜ ਕਰਨ ਲਈ ਪੁਲਿਸ ਕਮਿਸ਼ਨਰੇਟ ਨੂੰ ਪਿਛਲੇ ਹਫਤੇ ਪੱਤਰ ਲਿਖਿਆ ਸੀ ਜਿਸ ਦੇ ਆਧਾਰ 'ਤੇ ਹੀ ਪੁਲਿਸ ਨੇ ਰਿਕਾਰਡ ਹਾਸਲ ਕੀਤਾ ਹੈ। ਪੁਲਿਸ ਵੱਲੋਂ ਰਿਕਾਰਡ ਪ੍ਰਰਾਪਤ ਕਰਨ ਦੀ ਬਿਲਡਿੰਗ ਬ੍ਾਂਚ ਵੱਲੋਂ ਪੁਸ਼ਟੀ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਬੀਤੇ ਦਿਨ ਦੋ ਪੁਲਿਸ ਮੁਲਾਜ਼ਮ ਰਿਕਾਰਡ ਲੈ ਗਏ ਹਨ। ਦੱਸਣਯੋਗ ਹੈ ਕਿ ਲਗਪਗ ਤਿੰਨ ਹਫਤੇ ਪਹਿਲਾਂ ਕੌਂਸਲਰ ਜੱਸਲ ਨੇ ਰਾਮਾ ਮੰਡੀ ਇਲਾਕੇ 'ਚ ਆਪਣੀ ਕਮਰਸ਼ੀਅਲ ਬਿਲਡਿੰਗ ਦੀ ਉਪਰਲੀ ਮੰਜ਼ਿਲ 'ਤੇ ਬਿਨਾ ਮਨਜ਼ੂਰੀ ਦੇ ਲੈਂਟਰ ਪਾਇਆ ਸੀ। ਮਾਮਲਾ ਕਾਫੀ ਭਖ ਗਿਆ ਸੀ ਤੇ ਨਗਰ ਨਿਗਮ ਨੇ ਉਸਾਰੀ ਬੰਦ ਕਰਵਾ ਦਿੱਤੀ ਸੀ ਤੇ ਉਥੇ ਪੁਲਿਸ ਤਾਇਨਾਤ ਕਰ ਦਿੱਤੀ ਸੀ। ਉਕਤ ਨਾਜਾਇਜ਼ ਉਸਾਰੀ ਜੱਸਲ ਨੇ ਛੁੱਟੀ ਵਾਲੇ ਦਿਨ ਕੀਤੀ ਸੀ। ਹੁਣ ਪੁਲਿਸ ਕਿਸੇ ਵੀ ਸਮੇਂ ਜੱਸਲ ਖ਼ਿਲਾਫ਼ ਐੱਫਆਈਆਰ ਦਰਜ ਕਰ ਸਕਦੀ ਹੈ ਤੇ ਮਨਦੀਪ ਜੱਸਲ ਦੀ ਮੁਸ਼ਕਲ ਵਧ ਸਕਦੀ ਹੈ। ਭਾਵੇਂ ਜੱਸਲ ਨਗਰ ਨਿਗਮ ਦੀ ਬਿਲਡਿੰਗ ਬ੍ਾਂਚ ਨਾਲ ਸਮਝੌਤਾ ਕਰਨ ਦਾ ਯਤਨ ਕਰ ਰਹੇ ਹਨ ਪਰ ਕਮਿਸ਼ਨਰ ਵੱਲੋਂ ਪੁਲਿਸ ਨੂੰ ਲਿਖੇ ਗਏ ਪੱਤਰ 'ਤੇ ਕਾਰਵਾਈ ਰੁਕਣ ਦੀ ਸੰਭਾਵਨਾ ਨਹੀਂ ਹੈ। ਕੌਂਸਲਰ ਨੇ ਨਜਾਇਜ਼ ਉਸਾਰੀ ਤੋਂ ਪਹਿਲਾਂ ਨਗਰ ਨਿਗਮ ਨੂੰ ਹਲਫਨਾਮਾ ਦਿੱਤਾ ਸੀ ਕਿ ਉਹ ਨਜਾਇਜ਼ ਉਸਾਰੀ ਨਹੀਂ ਕਰੇਗਾ ਪਰ ਇਸ ਦੇ ਬਾਵਜੂਦ ਉਸਾਰੀ ਕੀਤੀ। ਇਸ ਕਾਰਨ ਉਨ੍ਹਾਂ 'ਤੇ ਧੋਖਾਧੜੀ ਦਾ ਮਾਮਲਾ ਦਰਜ ਹੋ ਸਕਦਾ ਹੈ।