ਮੁਨੀਸ਼ ਸ਼ਰਮਾ, ਜਲੰਧਰ : ਜੇ ਇਕ ਤੋਂ ਵੱਧ ਸ਼ਰਾਬ ਦੇ ਪੈੱਗ ਲਾਏ ਹਨ ਤਾਂ ਕਾਰ ਚਲਾਉਣ ਲਈ ਡਰਾਈਵਰ ਲਿਜਾਣਾ ਨਾ ਭੁੱਲੋ, ਕਿਉਂਕਿ ਜੇ ਟ੍ੈਫਿਕ ਪੁਲਿਸ ਨੇ ਫੜ ਲਿਆ ਤਾਂ ਚਲਾਨ ਕੱਟਣ ਦੇ ਨਾਲ ਕਾਰ ਇੰਪਾਊਂਡ ਕਰ ਦਿੱਤੀ ਜਾਵੇਗੀ। ਸ਼ਹਿਰ 'ਚ ਸ਼ਰਾਬੀ ਕਾਰ ਚਾਲਕਾਂ 'ਤੇ ਸ਼ਿਕੰਜਾ ਕੱਸਣ ਲਈ ਟ੍ੈਫਿਕ ਪੁਲਿਸ ਨੇ ਇਸ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਜੇ ਕਿਸੇ ਨੇ 29 ਐੱਮਐੱਲ ਸ਼ਰਾਬ ਪੀਤੀ ਹੈ ਤਾਂ ਉਸ ਦਾ ਚਲਾਨ ਨਹੀਂ ਕੱਟਿਆ ਜਾਵੇ ਪਰ ਜੇ ਉਸ ਨੇ ਜ਼ਿਆਦਾ ਸ਼ਰਾਬ ਪੀਤੀ ਤਾਂ ਚਲਾਨ ਕੱਟ ਕੇ ਗੱਡੀ ਜ਼ਬਤ ਕਰ ਲਈ ਜਾਵੇਗੀ। ਹਾਂ, ਜੇ ਕੋਈ ਬਿਨਾਂ ਸ਼ਰਾਬ ਪੀਤੇ ਦਾ ਦੋਸਤ ਜਾਂ ਪਰਿਵਾਰਕ ਜੀਅ ਉਸ ਦੀ ਕਾਰ ਚਲਾਉਣਾ ਚਾਹੇ ਤਾਂ ਪੁਲਿਸ ਸ਼ਰਾਬ ਪੀ ਗੱਡੀ ਚਲਾਉਣ ਵਾਲਾ ਦਾ ਚਲਾਨ ਕੱਟ ਕੇ ਛੱਡ ਸਕਦੀ ਹੈ। ਸ਼ਰਾਬੀ ਚਾਲਕਾਂ ਤੋਂ ਹੁੰਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਟ੍ੈਫਿਕ ਪੁਲਿਸ ਨੇ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਟ੍ੈਫਿਕ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੂੰ ਐਲਕੋਮੀਟਰ ਦੇ ਕੇ ਅਜਿਹੇ ਡਰਾਈਵਰਾਂ ਦੀ ਜਾਂਚ ਲਈ ਕਿਹਾ ਗਿਆ ਹੈ।

ਇਕ ਪੈੱਗ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਡਰਾਈਵਿੰਗ 'ਤੇ ਅਸਰ

ਮਾਹਰਾਂ ਮੁਤਾਬਕ ਕੋਈ 30 ਐੱਮਐੱਲ ਦਾ ਇਕ ਪੈੱਗ ਸ਼ਰਾਬ ਪੀਣ ਨਾਲ ਸਰੀਰ 'ਚ ਬਲੱਡ ਅਲਕੋਹਲ ਦਾ ਪੱਧਰ 0.02 ਫ਼ੀਸਦੀ ਹੋ ਜਾਂਦਾ ਹੈ। ਇਸ ਨਾਲ ਸਰੀਰ ਆਰਾਮ ਮਹਿਸੂਸ ਕਰਨ ਲੱਗਦਾ ਹੈ ਅਤੇ ਡਰਾਈਵਿੰਗ ਵੇਲੇ ਫ਼ੈਸਲਾ ਲੈਣ ਦੀ ਸਮਰੱਥਾ 'ਚ ਥੋੜ੍ਹੀ ਕਮੀ ਹੋ ਜਾਂਦੀ ਹੈ। ਜੇ ਦੋ ਪੈੱਗ ਪੀ ਲਏ ਤਾਂ ਬਲੱਡ ਅਲਕੋਹਲ ਪੱਧਰ 0.05 ਤਕ ਵਧ ਜਾਂਦਾ ਹੈ ਅਤੇ ਵਤੀਰੇ 'ਚ ਉਤੇਜਨਾ ਹੋਣ ਕਾਰਨ ਫ਼ੈਸਲਾ ਲੈਣ ਦੀ ਸਮਰੱਥਾ ਹੋਰ ਘੱਟ ਜਾਂਦੀ ਹੈ। ਤਿੰਨ ਪੈੱਗ 'ਚ ਖ਼ੂਨ 'ਚ ਸ਼ਰਾਬ ਦਾ ਪੱਧਰ 0.08 ਤਕ ਵਧ ਜਾਂਦਾ ਹੈ, ਜਿਸ ਨਾਲ ਖ਼ੁਦ 'ਤੇ ਕਾਬੂ ਘੱਟ ਜਾਂਦਾ ਹੈ। ਜੇ ਚਾਰ ਪੈੱਗ ਸ਼ਰਾਬ ਪੀ ਲਈ ਤਾਂ ਬਲੱਡ ਅਲਕੋਹਲ ਦਾ ਪੱਧਰ 0.19 ਫ਼ੀਸਦੀ ਤਕ ਹੋ ਜਾਂਦਾ ਹੈ, ਜਿਸ ਨਾਲ ਡਰਾਈਵਰ ਗੱਡੀ 'ਤੇ ਤਵਾਜਨ ਗੁਆ ਬਹਿੰਦਾ ਹੈ ਅਤੇ ਗੱਡੀ ਸਿੱਧੀ ਜਾਣ ਦੀ ਬਜਾਏ ਡਾਵਾਂਡੋਲ ਹੋਣ ਲੱਗਦੀ ਹੈ।

ਫ਼ੈਸਲਾ ਲੈਣ 'ਚ ਕਮੀ ਨਾਲ ਹੁੰਦੇ ਨੇ ਹਾਦਸੇ

ਮਾਹਰਾਂ ਮੁਤਾਬਕ ਡਰਾਈਵਿੰਗ ਕਰਦੇ ਵਕਤ ਅੱਖਾਂ ਦੇ ਸਾਹਮਣੇ ਵਾਲਾ ਦਿ੍ਸ਼ ਦਿਮਾਗ ਨੂੰ ਸੰਕੇਤ ਦਿੰਦਾ ਹੈ, ਜਿਸ ਦੇ ਆਧਾਰ 'ਤੇ ਪੈਰ ਰਫ਼ਤਾਰ ਤੇ ਬਰੇਕ ਤੇ ਹੱਥ ਸਟੇਅਰਿੰਗ 'ਤੇ ਕੰਮ ਕਰਦੇ ਹਨ। ਸ਼ਰਾਬ ਪੀਣ 'ਤੇ ਦਿੱਸਣ ਦੀ ਸਮਰੱਥਾ 'ਚ ਕਮੀ ਆਉਣ ਲੱਗ ਜਾਂਦੀ ਹੈ। ਇਸ ਨਾਲ ਦਿਮਾਗ ਵੱਲੋਂ ਜੋ ਸੰਕੇਤ ਦਿੱਤਾ ਜਾਂਦਾ ਹੈ ਉਸ 'ਤੇ ਪੈਰ ਤੇ ਹੱਥ ਦੀ ਪ੍ਰੀਕਿਰਿਆ ਦਾ ਟਾਈਮ ਵੀ ਵਧ ਜਾਂਦਾ ਹੈ ਜਿਸ ਨਾਲ ਬਰੇਕ ਲਾਉਣ, ਓਵਰਟੇਕ ਕਰਨ ਜਾਂ ਫਿਰ ਮੋੜ ਕੱਟਣ ਆਦਿ 'ਚ ਦੇਰੀ ਹੋ ਜਾਂਦੀ ਹੈ ਜਿਸ ਵਜ੍ਹਾ ਨਾਲ ਸ਼ਰਾਬੀ ਡਰਾਈਵਰ ਤੋਂ ਸੜਕ ਹਾਦਸੇ ਹੁੰਦੇ ਹਨ। ਉਹ ਖ਼ੁਦ ਦੀ ਜ਼ਿੰਦਗੀ ਖ਼ਤਰੇ 'ਚ ਪਾਉਣ ਦੇ ਨਾਲ ਦੂਜਿਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਸਾਲਾਨਾ 3 ਫ਼ੀਸਦੀ ਮੌਤਾਂ ਨਸ਼ੇ 'ਚ ਡਰਾਈਵਿੰਗ ਨਾਲ

ਕੇਂਦਰੀ ਆਵਾਜਾਈ ਮੰਤਰਾਲੇ ਦੀ ਰਿਪੋਰਟ ਨੂੰ ਦੇਖੀਏ ਤਾਂ ਹਰ ਸਾਲ ਹੋਣ ਵਾਲੇ ਸੜਕੀ ਹਾਦਸਿਆਂ 'ਚ ਤਿੰਨ ਫ਼ੀਸਦੀ ਨਸ਼ੇ 'ਚ ਗੱਡੀ ਚਲਾਉਣ ਨਾਲ ਹੁੰਦੇ ਹਨ। ਸਾਲ 2017 'ਚ 14,071 ਹਾਦਸੇ ਡ੍ੰਕਨ ਡਰਾਈਵਿੰਗ ਅਰਥਾਤ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋਏ, ਜਿਨ੍ਹਾਂ 'ਚ 4.776 ਲੋਕਾਂ ਦੀ ਮੌਤ ਹੋ ਗਈ, ਜੋ ਕੁਲ ਮਰਨ ਵਾਲਿਆਂ ਦਾ 3.2 ਫ਼ੀਸਦੀ ਹੈ। ਇਨ੍ਹਾਂ ਹਾਦਸਿਆਂ 'ਚ 11,776 ਲੋਕ ਜ਼ਖ਼ਮੀ ਵੀ ਹੋਏ, ਜੋ ਕੁਲ ਜ਼ਖ਼ਮੀਆਂ ਦਾ ਢਾਈ ਫ਼ੀਸਦੀ ਹੈ। ਇਸ ਰਿਪੋਰਟ ਨੂੰ ਪੰਜਾਬ ਦੇ ਲਿਹਾਜ਼ ਨਾਲ ਦੇਖੀਏ ਤਾਂ ਸਾਲ 2017 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ 129 ਸੜਕ ਹਾਦਸੇ ਹੋਏ ਜਿਸ 'ਚ 95 ਲੋਕਾਂ ਦੀ ਮੌਤ ਹੋਈ। 70 ਲੋਕਾਂ ਗੰਭੀਰ ਜ਼ਖ਼ਮੀ ਹੋਏ।

ਚਲਾਨ ਦਾ ਰਿਕਾਰਡ ਕਮਜ਼ੋਰ

ਟ੍ੈਫਿਕ ਪੁਲਿਸ ਦਾ ਸ਼ਰਾਬੀ ਡਰਾਈਵਰਾਂ ਦਾ ਚਲਾਨ ਕੱਟਣ ਦਾ ਰਿਕਾਰਡ ਬਹੁਤ ਕਮਜ਼ੋਰ ਹੈ। ਅੰਕੜਿਆਂ ਮੁਤਾਬਕ ਸਾਲ 2017 'ਚ ਪੁਲਿਸ ਨੇ 1,931 ਅਤੇ 2018 'ਚ 1,247 ਲੋਕਾਂ ਦੇ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਚਲਾਨ ਕੱਟੇ। ਇਨ੍ਹਾਂ ਵਿਚੋਂ ਅੱਧੇ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਸਸਪੈਂਡ ਕਰਨ ਲਈ ਵੀ ਭੇਜੇ ਗਏ। ਸ਼ਰਾਬੀ ਡਰਾਈਵਰਾਂ ਨੂੰ ਫੜਨ ਲਈ ਪੁਲਿਸ ਕੋਲ ਕੁਲ 50 ਐਲਕੋਮੀਟਰ ਹਨ, ਜਿਨ੍ਹਾਂ ਵਿਚੋਂ 22 ਟ੍ੈਫਿਕ ਪੁਲਿਸ ਕੋਲ ਹਨ, ਜਦਕਿ 28 ਵੱਖ-ਵੱਖ ਪੁਲਿਸ ਥਾਣਿਆਂ 'ਚ ਦਿੱਤੇ ਗਏ ਹਨ। ਸ਼ਰਾਬੀ ਡਰਾਈਵਰਾਂ ਦੇ ਜੋ ਚਲਾਨ ਕੱਟੇ ਗਏ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਟ੍ੈਫਿਕ ਪੁਲਿਸ ਨੇ ਹੀ ਕੱਟੇ ਹਨ। ਪੁਲਿਸ ਥਾਣਿਆਂ 'ਚ ਕਿਸੇ ਹਾਦਸੇ ਜਾਂ ਫਿਰ ਹੰਗਾਮੇ ਦੀ ਹਾਲਤ 'ਚ ਹੀ ਅਲਕੋਮੀਟਰ ਦੀ ਵਰਤੋਂ ਹੁੰਦੀ ਹੈ।

ਸ਼ਰਾਬੀ ਡਰਾਈਵਰਾਂ ਦੇ ਖ਼ੁਦ ਦੇ ਨਾਲ ਦੂਜਿਆਂ ਨੂੰ ਵੀ ਸੜਕ 'ਤੇ ਜਾਨਲੇਵਾ ਨੁਕਸਾਨ ਪਹੁੰਚਾਉਣ ਦੇ ਖ਼ਤਰੇ ਨੂੰ ਦੇਖਦਿਆਂ ਅਸੀਂ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਾਡੇ ਕੋਲ ਢੁੱਕਵੇਂ ਐਲਕੋਮੀਟਰ ਹੈ ਅਤੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕਰ ਕੇ ਅਜਿਹੇ ਲੋਕਾਂ ਨੂੰ ਫੜ ਕੇ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ।

-ਜੰਗਬਹਾਦਰ ਸ਼ਰਮਾ, ਏਸੀਪੀ (ਟ੍ੈਫਿਕ)