ਰਾਕੇਸ਼ ਗਾਂਧੀ, ਜਲੰਧਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਲਾਏ ਗਏ ਮਿਨੀ ਲਾਕਡਾਊਨ 'ਚ ਸਰਕਾਰ ਵੱਲੋਂ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਨ੍ਹਾਂ 'ਚ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਪਰ ਇਨ੍ਹਾਂ ਹੁਕਮਾਂ ਦੇ ਉਲਟ ਗੁਰੂ ਨਾਨਕ ਮਿਸ਼ਨ ਚੌਕ 'ਚ ਸਥਿਤ ਡੀ-ਮਾਰਟ ਵੱਲੋਂ ਗਾਹਕਾਂ ਨੂੰ ਆਪਣੇ ਮਾਲ 'ਤੇ ਹੀ ਚੀਜ਼ਾਂ ਵੇਚੀਆਂ ਜਾ ਰਹੀਆਂ ਤੇ ਗਾਹਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਸੋਮਵਾਰ ਨੂੰ 'ਪੰਜਾਬੀ ਜਾਗਰਣ' ਵੱਲੋਂ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ ਜਿਸ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਮੰਗਲਵਾਰ ਨੂੰ ਡੀ-ਮਾਰਟ ਨੂੰ ਬੰਦ ਕਰਵਾ ਦਿੱਤਾ ਅਤੇ ਉਨ੍ਹਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਿਰਫ਼ ਹੋਮ ਡਲਿਵਰੀ ਹੀ ਕਰ ਸਕਦੇ ਹਨ। ਜੇਕਰ ਹੁਕਮਾਂ ਦੀ ਉਲੰਘਣਾ ਕੀਤੀ ਗਈ ਤਾਂ ਮਾਮਲਾ ਦਰਜ ਕੀਤਾ ਜਾਵੇਗਾ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ ਉਨ੍ਹਾਂ ਦੁਕਾਨਦਾਰਾਂ ਵੱਲੋਂ ਜਦ ਆਪਣੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਤਾਂ ਕੁਝ ਸਮਾਂ ਬਾਅਦ ਹੀ ਪੁਲਿਸ ਪਾਰਟੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਉਨ੍ਹਾਂ ਦੁਕਾਨਾਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨਦਾਰ ਭੜਕ ਉੱਠੇ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕਰਨ ਲੱਗ ਪਏ। ਰੈਣਕ ਬਾਜ਼ਾਰ ਵਿਚ ਸਥਿਤ ਕਰਿਆਨੇ ਦੀਆਂ ਦੁਕਾਨਾਂ ਬੰਦ ਕਰਵਾਉਣ ਗਈ ਪੁਲਿਸ ਖ਼ਿਲਾਫ਼ ਵੀ ਦੁਕਾਨਦਾਰਾਂ ਦਾ ਗੁੱਸਾ ਭੜਕ ਉੱਠਿਆ ਤੇ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਹੋਮ ਡਲਿਵਰੀ ਲਈ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਪੁਲਿਸ ਉਨ੍ਹਾਂ ਨੂੰ ਕਿਉਂ ਤੰਗ ਕਰ ਰਹੀ ਹੈ। ਮਿਨੀ ਲਾਕਡਾਊਨ ਨੂੰ ਲੈ ਕੇ ਅੱਜ ਰਾਮਾਮੰਡੀ ਕੱਪੜਾ ਐਂਡ ਰੈਡੀਮੇਡ ਐਸੋਸੀਏਸ਼ਨ ਵੱਲੋਂ ਵੀ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ ਸਾਰੇ ਦੁਕਾਨਦਾਰਾਂ ਨੇ ਮਿਲ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਧਾਨ ਭਾਟੀਆ ਨੇ ਦੱਸਿਆ ਕਿ ਇਕ ਤਾਂ ਕੋਰੋਨਾ ਮਹਾਮਾਰੀ ਕਾਰਨ ਸਭ ਦਾ ਕੰਮਕਾਜ ਓਦਾਂ ਹੀ ਠੱਪ ਹੋਇਆ ਪਿਆ ਹੈ। ਜੇਕਰ ਉਹ ਦੁਕਾਨਾਂ ਖੋਲ੍ਹਦੇ ਹਨ ਤਾਂ ਪੁਲਿਸ ਮੁਲਾਜ਼ਮ ਆ ਕੇ ਦੁਕਾਨਾਂ ਬੰਦ ਕਰਵਾ ਜਾਂਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਦੇ ਵੀ ਹੁਕਮ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ ਕਈ ਬਾਜ਼ਾਰਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਤੇ ਮੈਂਬਰ ਮਾਡਲ ਟਾਊਨ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਵੀ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਪ੍ਰਤੀ ਰੋਸ ਪ੍ਰਗਟ ਕੀਤਾ।