ਜੇਐੱਨਐੱਨ, ਜਲੰਧਰ : ਲੁਧਿਆਣਾ 'ਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ 'ਚ ਕਾਂਗਰਸ ਵਰਕਰਾਂ ਵੱਲੋਂ ਭੰਨਤੋੜ ਦੇ ਵਿਰੋਧ 'ਚ ਕੰਪਨੀ ਬਾਗ ਚੌਕ 'ਚ ਮੌਨ ਧਰਨ ਦੇਣ ਵਾਲੇ ਭਾਜਪਾ ਆਗੂਆਂ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਭਾਜਪਾ ਆਗੂਆਂ ਤੇ ਵਰਕਰਾਂ 'ਤੇ ਜ਼ਿਲ੍ਹਾ ਮਜਿਸਟ੍ਰੇਟ ਦੇ ਆਦੇਸ਼ ਦੀ ਉਲਘੰਣਾ ਕਰਨ ਤੇ ਕੋਰੋਨਾ ਤੋਂ ਬਚਾਅ ਲਈ ਜਾਰੀ ਸਿਹਤ ਪ੍ਰੋਟੋਕਾਲ ਨੂੰ ਫੋਲੋ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ ਪੁਲਿਸ ਨੇ ਹਰ ਵਾਰ ਦੀ ਤਰ੍ਹਾਂ ਕੇਸ 'ਚ ਕਿਸੇ ਵੀ ਆਗੂ ਦਾ ਨਾਂ ਨਹੀਂ ਲਿਖਿਆ ਤੇ ਐੱਫਆਈਆਰ 'ਚ ਉਨ੍ਹਾਂ ਨੇ ਅਣਪਛਾਤਾ ਲਿਖਿਆ ਹੈ।

ਸ਼ੁੱਕਰਵਾਰ ਨੂੰ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ.ਸੁਭਾਸ਼ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕਾਲੀਆ ਨਾਲ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਮੇਅਰ ਸੁਨੀਲ ਜੋਤੀ, ਸਾਬਕਾ ਵਿਧਾਇਕ ਕੇਡੀ ਭੰਡਾਰੀ ਸਮੇਤ ਕਈ ਆਗੂਆਂ ਦੀ ਅਗਵਾਈ 'ਚ ਕੰਪਨੀ ਬਾਗ ਚੌਕ 'ਤੇ ਮੌਨ ਧਰਨਾ ਦਿੱਤਾ ਸੀ।

ਥਾਣਾ ਡਵੀਜ਼ਨ ਨੰਬਰ ਤਿੰਨ 'ਚ ਕੇਸ ਦਰਜ 'ਚ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੰਪਨੀ ਬਾਗ ਚੌਕ ਨੇੜੇ ਭਾਜਪਾ ਦੇ ਕੁਝ ਵਰਕਰ ਸਰਕਾਰ ਖ਼ਿਲਾਫ਼ ਨਾਅਰੇ ਲੱਗਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਤਾਂ ਸਰੀਰਕ ਦੂਰੀ ਰੱਖੀ ਹੈ ਤੇ ਨਾ ਹੀ ਮਾਸਕ ਪਾਏ ਹਨ। ਇਸ ਤੋਂ ਇਲ਼ਾਵਾ ਧਰਨੇ ਲਗਾਉਣ ਲਈ ਕੋਈ ਇਜਾਜ਼ਤ ਵੀ ਨਹੀਂ ਲਈ ਗਈ ਹੈ। ਉਨ੍ਹਾਂ ਨੇ ਕੋਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਸਿਹਤ ਸਾਵਧਾਨੀਆਂ ਦੀ ਉਲੰਘਣਾ ਕਰਦਿਆਂ ਇਹ ਧਰਨਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ 'ਤੇ ਕੇਸ ਦਰਜ ਕੀਤਾ ਗਿਆ ਹੈ।

Posted By: Amita Verma