ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਪਿੰਡ ਕਿੰਗਰਾ ਚੋ ਵਾਲਾ ਦੇ ਵਸਨੀਕ ਪੀੜਤ ਕਿਸਾਨ ਮੱਖਣ ਸਿੰਘ ਪੁੱਤਰ ਮੋਹਣ ਸਿੰਘ ਦੀ ਹਵੇਲੀ ਤੋਂ 10 ਅਕਤੂਬਰ ਦੀ ਰਾਤ ਚੋਰੀ ਹੋਇਆ ਮਹਿੰਦਰਾ 265 ਟਰੈਕਟਰ ਥਾਣਾ ਮੁਖੀ ਹਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਟਰੈਕਟਰ ਸਮੇਤ ਟਿੱਲਰ ਤੇ ਸੁਹਾਗਾ ਬਰਾਮਦ ਕਰਕੇ ਚੋਰ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ 10 ਅਕਤੂਬਰ ਨੂੰ ਮੱਖਣ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਕਿੰਗਰਾ ਚੋ ਵਾਲਾ ਥਾਣਾ ਭੋਗਪੁਰ ਨੇ ਏਐੱਸਆਈ ਤਲਵਿੰਦਰ ਸਿੰਘ ਚੌਕੀ ਪਚਰੰਗਾ ਨੂੰ ਬਿਆਨ ਦਿੰਦਿਆਂ ਕਿਹਾ ਕਿ ਰਾਤ 10 ਵਜੇ ਉਹ ਆਪਣਾ ਕੰਮ ਖਤਮ ਕਰ ਕੇ ਆਪਣਾ ਟਰੈਕਟਰ ਮਹਿੰਦਰਾ 265 ਮਾਡਲ 2001 ਸਮੇਤ ਟਿਲਰ ਤੇ ਸੁਹਾਗਾ ਆਪਣੀ ਹਵੇਲੀ ਦੀ ਸ਼ੈੱਡ ਅੰਦਰ ਖੜ੍ਹਾ ਕਰ ਕੇ ਦਰਵਾਜੇ ਨੂੰ ਤਾਲਾ ਲਾ ਕੇ ਘਰ ਗਿਆ ਸੀ। ਜਦੋਂ ਉਸ ਨੇ 11 ਅਕਤੂਬਰ ਸਵੇਰੇ 6 ਵਜੇ ਆ ਕੇ ਦੇਖਿਆ ਤਾਂ ਹਵੇਲੀ ਦਾ ਤਾਲਾ ਟੁੱਟਾ ਹੋਇਆ ਸੀ ਤੇ ਟਰੈਕਟਰ ਸਮੇਤ ਸਾਮਾਨ ਉਥੇ ਨਹੀਂ ਸੀ। ਮੱਖਣ ਸਿੰਘ ਨੂੰ ਸ਼ੱਕ ਸੀ ਕਿ ਉਸਦਾ ਟਰੈਕਟਰ ਸਮੇਤ ਟਿੱਲਰ ਤੇ ਸੁਹਾਗਾ ਜਸਵੰਤ ਸਿੰਘ ਵਾਸੀ ਤਲਵੰਡੀ ਕਲਾ ਥਾਣਾ ਸਲੇਮ ਟਾਬਰੀ ਲੁਧਿਆਣਾ ਨੇ ਚੋਰੀ ਕੀਤਾ ਹੈ। ਜਸਵੰਤ ਸਿੰਘ ਦੇ ਮਾਮੇ ਇਸ ਪਿੰਡ ਵਿਚ ਹਨ ਤੇ ਉਹ 2/3 ਦਿਨ ਤੋਂ ਇਥੇ ਆਇਆ ਹੋਇਆ ਸੀ। ਇਸ 'ਤੇ ਏਐੱਸਆਈ ਤਲਵਿੰਦਰ ਸਿੰਘ ਚੌਕੀ ਪਚਰੰਗਾ ਨੇ ਸ਼ਿਕਾਇਤ ਦਰਜ ਕਰ ਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਤਫਤੀਸ਼ ਸਮੇਂ ਜਸਵੰਤ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ ਟਰੈਕਟਰ ਸਮੇਤ ਟਿੱਲਰ ਅਤੇ ਸੁਹਾਗਾ ਬਰਾਮਦ ਕੀਤੇ ਗਏ ਹਨ। ਜਸਵੰਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।