ਜੇਐੱਨਐੱਨ, ਜਲੰਧਰ : ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਦੇ ਵਿਰੋਧ ਦੇ ਬਾਵਜੂਦ ਨੰਗਲ ਸ਼ਾਮਾ ਕੰਪਾਊਂਡ 'ਚ ਵੀਰਵਾਰ ਨੂੰ ਵੀ 5 ਵਾਰਡਾਂ ਦਾ ਕੂੜਾ ਆਇਆ। ਕੂੜਾ ਸੁੱਟਣ 'ਚ ਕੋਈ ਰੁਕਾਵਟ ਨਾ ਪਵੇ ਇਸ ਲਈ ਡਾਗ ਕੰਪਾਊਂਡ 'ਤੇ ਪੁਲਿਸ ਦਾ ਪਹਿਰਾ ਵੀ ਬਿਠਾ ਦਿੱਤਾ ਗਿਆ ਹੈ। ਡਾਗ ਕੰਪਾਊਂਡ 'ਚ 5 ਵਾਰਡਾਂ ਦਾ ਕੂੜਾ ਆਉਣ ਵਿਰੁੱਧ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਸਫਾਈ ਮੁਲਾਜ਼ਮਾਂ ਨੂੰ ਕੰਪਾਊਂਡ 'ਚ ਹੀ ਬੰਦ ਕਰ ਦਿੱਤਾ ਸੀ। ਇਸ ਨੂੰ ਲੈ ਕੇ ਯੂਨੀਅਨ ਨਾਲ ਟਕਰਾਅ ਵੀ ਹੋ ਗਿਆ ਹੈ। ਇਸ ਮਾਮਲੇ 'ਚ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਮੇਅਰ ਜਗਦੀਸ਼ ਰਾਜਾ ਨਾਲ ਗੱਲ ਕੀਤੀ ਹੈ। ਇਸ 'ਤੇ ਸ਼ੁੱਕਰਵਾਰ ਨੂੰ ਜੁਆਇੰਟ ਮੀਟਿੰਗ ਹੋ ਸਕਦੀ ਹੈ। ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਦਾ ਗੇਟ ਨੂੰ ਤਾਲਾ ਲਾਉਣਾ ਗ਼ਲਤ ਹੈ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਰਹੀ ਗੱਲ ਖਹਿਰਾ 'ਤੇ ਕੇਸ ਦਰਜ ਕਰਵਾਉਣ ਦੀ ਮੰਗ ਦਾ ਤਾਂ ਉਹ ਵੀ ਕਿਸੇ ਕੀਮਤ 'ਤੇ ਸੰਭਵ ਨਹੀਂ ਹੈ। ਖਹਿਰਾ 'ਤੇ ਕੋਈ ਕੇਸ ਦਰਜ ਨਹੀਂ ਹੁੰਦਾ। ਇਹ ਘਰ ਦਾ ਮਸਲਾ ਹੈ ਤੇ ਮਿਲ ਬੈਠ ਕੇ ਇਸ ਨੂੰ ਹੱਲ ਕਰ ਲੈਣਗੇ। ਉਨ੍ਹਾਂ ਨੇ ਕਿਹਾ ਕਿ ਖਹਿਰਾ ਨੇ ਆਪਣੀ ਗੱਲ ਰੱਖੀ ਹੈ। ਖਹਿਰਾ ਨੇ ਕਿਸੇ ਵੀ ਮੁਲਾਜ਼ਮ ਨਾਲ ਗਾਲੀ-ਗਲੋਚ ਤੇ ਕੁੱਟਮਾਰ ਨਹੀਂ ਕੀਤੀ ਅਜਿਹੇ 'ਚ ਕੇਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਖਹਿਰਾ ਦੇ ਹੱਕ 'ਚ ਕਾਂਗਰਸੀ ਕੌਂਸਲਰ ਮੁਹਿੰਮ ਖੜ੍ਹੀ ਕਰਨ ਦੀ ਤਿਆਰੀ 'ਚ

ਜੇਐੱਨਐੱਨ, ਜਲੰਧਰ : ਨੰਗਲ ਸ਼ਾਮਾ ਡਾਗ ਕੰਪਾਊਂਡ 'ਚ ਪਿਟਸ ਪ੍ਰਰਾਜੈਕਟ ਲਈ ਕਈ ਵਾਰਡਾਂ ਦਾ ਕੂੜਾ ਆਉਣ ਦੇ ਵਿਰੋਧ 'ਚ ਕੰਪਾਊਂਡ ਨੂੰ ਤਾਲਾ ਜੜਨ ਦੇ ਮਾਮਲੇ 'ਚ ਸਿਆਸਤ ਤੇਜ਼ ਹੋ ਗਈ ਹੈ। ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਦੇ ਹੱਕ 'ਚ ਕਾਂਗਰਸੀ ਕੌਂਸਲਰ ਮੁਹਿੰਮ ਖੜ੍ਹੀ ਕਰਨ ਦੀ ਤਿਆਰੀ 'ਚ ਹਨ। ਇਸ 'ਚ ਸ਼ਹਿਰ ਦੇ ਸਾਰੇ ਇਲਾਕਿਆਂ ਦੇ ਕੂੜੇ ਤੋਂ ਪੀੜਤ ਕੌਂਸਲਰ ਹੀ ਨਹੀਂ ਕਈ ਸਾਬਕਾ ਕੌਂਸਲਰ, ਕਾਂਗਰਸੀ ਆਗੂ ਵੀ ਖਹਿਰਾ ਦੇ ਹਮਾਇਤ 'ਚ ਲਾਮਬੰਦ ਹੋ ਰਹੇ ਹਨ। ਮੇਅਰ ਜਗਦੀਸ਼ ਰਾਜਾ ਖ਼ਿਲਾਫ਼ ਮੋਰਚਾ ਖੋਲ੍ਹਣ 'ਤੇ ਵੀ ਚਰਚਾ ਹੋਈ ਹੈ। ਹਾਲੇ ਇਹ ਸੰਪਰਕ ਗੁੱਟਾਂ 'ਚ ਹੋ ਰਿਹਾ ਹੈ ਪਰ ਜੇ ਯੂਨੀਅਨ ਦੀ ਮੰਗ 'ਤੇ ਖਹਿਰਾ ਖ਼ਿਲਾਫ਼ ਕੇਸ ਹੁੰਦਾ ਹੈ ਤਾਂ ਇਹ ਵੱਡਾ ਸਿਆਸੀ ਮੁੱਦਾ ਬਣ ਸਕਦਾ ਹੈ। ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਖਹਿਰਾ ਨੇ ਸਫਾਈ ਮੁਲਾਜ਼ਮਾਂ ਨੂੰ ਬੰਧਕ ਬਣਾਉਣ ਜਾਂ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਖਹਿਰਾ 'ਤੇ ਐੱਫਆਈਆਰ ਦਰਜ ਕਰਵਾਉਣਗੇ। ਕਮਿਸ਼ਨਰ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸੀਆਂ 'ਚ ਰੋਸ ਹੈ ਅਤੇ ਮੇਅਰ ਦੇ ਸਾਥ ਨਾ ਦੇਣ ਨਾਲ ਇਹ ਗੁੱਸਾ ਵਧ ਸਕਦਾ ਹੈ। ਕੂੜੇ ਅਤੇ ਸਫਾਈ ਨੂੰ ਲੈ ਕੇ ਸ਼ਹਿਰ 'ਚ ਇਸ ਸਮੇਂ ਮੁਸ਼ਕਲ ਦੌਰ ਚੱਲ ਰਿਹਾ ਹੈ। ਵੇਸਟ ਮੈਨੇਜਮੈਂਟ 'ਤੇ ਨਿਗਮ ਕੋਈ ਪ੍ਰਰਾਜੈਕਟ ਸ਼ੁਰੂ ਨਹੀਂ ਕਰ ਸਕਿਆ ਹੈ ਜਿਸ ਨਾਲ ਕੌਂਸਲਰਾਂ 'ਚ ਨਾਰਾਜ਼ਗੀ ਹੈ। ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਨੂੰ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ ਹੈ ਕਿਉਂਕਿ ਕਾਂਗਰਸੀ ਕੌਂਸਲਰ ਹੀ ਸਾਰੀ ਕਸਰ ਪੂਰੀ ਕਰ ਰਹੇ ਹਨ। ਬੁੱਧਵਾਰ ਨੂੰ ਵਾਰਡ ਨੰ. 8 ਦੇ ਕੌਂਸਲਰ ਸ਼ਮਸ਼ੇਰ ਸਿੰਘ ਨੇ ਨੰਗਲ ਸ਼ਾਮਾ ਡੰਪ 'ਤੇ 5 ਵਾਰਡਾਂ ਦਾ ਕੂੜਾ ਸੁੱਟਣ 'ਤੇ ਵਿਰੋਧ ਪ੍ਰਗਟਾਇਆ। ਖਹਿਰਾ 'ਤੇ ਸਫਾਈ ਮੁਲਾਜ਼ਮਾਂ ਨੂੰ ਕੰਪਾਊਂਡ 'ਚ ਬੰਦੀ ਬਣਾਉਣ ਦਾ ਦੋਸ਼ ਹੈ। ਖਹਿਰਾ ਆਪਣੇ ਵਾਰਡ 'ਚ ਦੂਜੇ ਵਾਰਡਾਂ ਦਾ ਕੂੜਾ ਆਉਣ ਦਾ ਵਿਰੋਧ ਕਰ ਰਹੇ ਹਨ। ਅਜਿਹਾ ਹੀ ਵਿਰੋਧ ਕੌਂਸਲਰ ਬਲਰਾਜ ਠਾਕੁਰ ਨੇ ਮਾਡਲ ਟਾਊਨ ਸ਼ਮਸ਼ਾਨਘਾਟ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਵੀ ਕਰ ਚੁੱਕੇ ਹਨ। ਵੇਸਟ ਮੈਨੇਜਮੈਂਟ 'ਚ ਨਗਰ ਨਿਗਮ ਪ੍ਰਸ਼ਾਸਨ ਦੇ ਫੇਲ੍ਹ ਹੋਣ ਨਾਲ ਕੌਂਸਲਰਾਂ 'ਚ ਨਾਰਾਜ਼ਗੀ ਵਧ ਗਈ ਹੈ ਅਤੇ ਕੌਂਸਲਰ ਸ਼ਮਸ਼ੇਰ ਸਿੰਘ ਦੇ ਮਾਮਲੇ ਤੋਂ ਬਾਅਦ ਇਹ ਮੁੱਦਾ ਹੋਰ ਭੱਖ ਸਕਦਾ ਹੈ।

45 ਦਿਨਾਂ ਤੋਂ ਕੂੜੇ ਕਾਰਨ ਨਾਰਾਜ਼ਗੀ ਦੇ ਕਈ ਮਾਮਲੇ

ਕੂੜੇ ਨੂੰ ਲੈ ਕੇ ਪਿਛਲੇ ਡੇਢ ਮਹੀਨੇ ਤੋਂ ਨਾਰਾਜ਼ਗੀ ਜਾਰੀ ਹੈ। ਡੰਪਾਂ 'ਚੋਂ ਕੂੜਾ ਚੁੱਕਣ, ਸਫ਼ਾਈ ਸੇਵਕ ਨਾ ਮਿਲਣ ਦੀਆਂ ਸ਼ਿਕਾਇਤਾਂ ਨੂੰ ਸਿਲਸਿਲਾ ਬੇਰੋਕ ਜਾਰੀ ਹੈ। ਕਾਂਗਰਸੀ ਕੌਂਸਲਰ ਹੀ ਰੋਸ ਪ੍ਰਗਟਾਉਣ 'ਚ ਸਭ ਤੋਂ ਅੱਗੇ ਹਨ। ਪਿਛਲੇ 45 ਦਿਨਾਂ ਤੋਂ ਰਿਕਾਰਡ 'ਚ ਕਈ ਵੱਡੇ ਧਰਨੇ ਲੱਗ ਚੁੱਕੇ ਹਨ। ਨਿਗਮ ਕਾਗਜ਼ੀ ਕਾਰਵਾਈ ਕਾਫੀ ਕਰ ਰਿਹਾ ਹੈ ਪਰ ਹਾਲੇ ਤਕ ਜ਼ਮੀਨੀ ਪੱਧਰ 'ਤੇ ਇਸ ਦੇ ਨਤੀਜੇ ਆ ਰਹੇ ਹਨ।

-ਗੁਰੂ ਨਾਨਕਪੁਰਾ ਰੋਡ 'ਤੇ ਕੂੜੇ ਦੇ ਡੰਪ ਨੂੰ ਖ਼ਤਮ ਕਰਵਾਉਣ ਲਈ ਨਗਰ ਨਿਗਮ ਖ਼ਿਲਾਫ਼ 15 ਦਿਨ ਦਾ ਸੰਘਰਸ਼ ਕੀਤਾ, ਡੰਪ ਖ਼ਤਮ ਕਰਵਾਇਆ।

-ਮਾਡਲ ਟਾਊਨ ਸ਼ਮਸ਼ਾਨਘਾਟ ਦੇ ਬਾਹਰ ਡੰਪ ਖ਼ਿਲਾਫ਼ ਕੌਂਸਲਰ ਬਲਰਾਜ ਠਾਕੁਰ ਦਾ ਧਰਨਾ, ਵਿਧਾਇਕ ਪਰਗਟ ਸਿੰਘ ਵੀ ਸ਼ਾਮਲ ਹੋਏ।

-ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਕੂੜੇ ਦੇ ਡੰਪ ਵਿਰੁੱਧ ਨਿਗਮ ਦਾ ਜ਼ੋਨਲ ਦਫ਼ਤਰ ਘੇਰਿਆ।

-ਵਾਰਡ ਨੰ. 38 ਦੇ ਕੌਂਸਲਰ ਰਾਜੀਵ ਟਿੱਕਾ ਨੇ ਮਾਡਲ ਹਾਊਸ ਡੰਪ ਖ਼ਿਲਾਫ਼ ਧਰਨੇ ਦੀ ਚਿਤਾਵਨੀ ਦਿੱਤੀ।

-ਸਾਈਂ ਦਾਸ ਸਕੂਲ ਦੇ ਬਾਹਰ ਡੰਪ ਨੂੰ ਲੈ ਕੇ ਨੈਸ਼ਨਲ ਚਾਈਲਡ ਕਮਿਸ਼ਨ ਦਾ ਡੀਸੀ, ਨਿਗਮ ਕਮਿਸ਼ਨਰ ਦਾ ਨੋਟਿਸ, ਮਾਡਲ ਹਾਊਸ ਡੰਪ ਮਾਮਲੇ 'ਚ ਕੋਰਟ 'ਚ ਕੇਸ, ਮੇਅਰ, ਕਮਿਸ਼ਨਰ, ਡੀਸੀ ਤੇ ਕੌਂਸਲਰ ਨੂੰ ਸੰਮਨ।

ਕੌਂਸਲਰ ਖਹਿਰਾ ਦੀ ਮੇਅਰ ਨਾਲ ਨਹੀਂ ਹੋ ਸਕੀ ਮੀਟਿੰਗ

ਮਦਨ ਭਾਰਦਵਾਜ, ਜਲੰਧਰ : ਵਾਰਡ-8 ਦੇ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਦੀ ਵੀਰਵਾਰ ਨੂੰ ਮੇਅਰ ਜਗਦੀਸ਼ ਰਾਜਾ ਨਾਲ ਮੀਟਿੰਗ ਨਹੀਂ ਹੋ ਸਕੀ, ਕਿਉਂਕਿ ਮੇਅਰ ਦੇ ਵਧੇਰੇ ਰੁਝੇਵਿਆਂ ਕਾਰਨ ਮੀਟਿੰਗ ਮੁਲਤਵੀ ਹੋ ਗਈ। ਹੁਣ ਇਹ ਮੀਟਿੰਗ ਸ਼ੁੱਕਰਵਾਰ ਨੂੰ ਹੋਵੇਗੀ ਤੇ ਨੰਗਲ ਸ਼ਾਮਾ ਸਥਿਤ ਡਾਗ ਕੰਪਾਊਂਡ ਨੂੰ ਤਾਲਾ ਲਾਉਣ ਦੇ ਮਾਮਲੇ 'ਤੇ ਚਰਚਾ ਹੋਵੇਗੀ। ਕਾਬਿਲੇਗ਼ੌਰ ਹੈ ਕਿ ਕੌਂਸਲਰ ਖਹਿਰਾ ਨੇ ਬੁੱਧਵਾਰ ਨੰਗਲਸ਼ਾਮਾ ਦੇ ਡਾਗ ਕੰਪਾਊਂਡ ਨੂੰ ਇਸ ਲਈ ਤਾਲਾ ਲਾ ਦਿੱਤਾ ਸੀ ਕਿਉਂਕਿ ਉਥੇ ਵਾਰਡਾਂ ਦਾ ਕੂੜਾ ਆਉਣ ਕਾਰਨ ਉਨ੍ਹਾਂ ਦੇ ਵਾਰਡ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਸੀ ਤੇ ਇਸ ਦੀ ਸ਼ਿਕਾਇਤ ਕਮਿਸ਼ਨਰ ਨੂੰ ਕਰਨ ਦੇ ਬਾਵਜੂਦ ਦੂਜੇ ਵਾਰਡਾਂ ਦੇ ਕੂੜੇ ਦੀ ਆਮਦ ਜਾਰੀ ਸੀ।