ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਰਸਾਤ ਤੋਂ ਪਹਿਲਾਂ ਹੀ ਪੁਲਿਸ 'ਤੇ ਡੇਂਗੂ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਫਰਾਈ ਡੇਅ ਡਰਾਈ ਡੇ ਮੌਕੇ ਸ਼ਹਿਰ ਦੇ ਕਈ ਹਾਈ ਰਿਸਕ ਅੱਧਾ ਦਰਜਨ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਪੁਲਿਸ ਥਾਣਾ ਨੰਬਰ 2 'ਚ 2 ਜਗ੍ਹਾ ਡੇਂਗੂ ਦਾ ਲਾਰਵਾ ਮਿਲਿਆ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਆਈਏ ਸਟਾਫ -2 ਅਤੇ ਪੁਲਿਸ ਥਾਣਾ ਨੰਬਰ 2 ਦੇ ਇਲਾਕੇ ਤੋਂ ਪਾਣੀ ਨਾਲ ਭਰੇ ਡਰੱਮ ਅਤੇ ਕੂਲਰ 'ਚ ਡੇਂਗੂ ਦਾ ਲਾਰਵਾ ਮਿਲਿਆ। ਵਿਭਾਗ ਦੀ ਟੀਮ ਨੇ ਮੌਕੇ 'ਤੇ ਡਰੱਮ ਤੇ ਕੂਲਰ ਖਾਲੀ ਕਰਵਾਏ ਅਤੇ ਕੀੜੇਮਾਰ ਦਵਾਈ ਦਾ ਿਛੜਕਾਅ ਕਰ ਕੇ ਲਾਰਵਾ ਨਸ਼ਟ ਕੀਤਾ।
ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਡੇਂਗੂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸ਼ੁੱਕਰਵਾਰ ਨੂੰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਆਦਿੱਤਿਆ ਪਾਲ ਦੀ ਅਗਵਾਈ 'ਚ ਟੀਮਾਂ ਨੇ ਸ਼ਹਿਰ ਦੇ ਅੱਧਾ ਦਰਜਨ ਦੇ ਕਰੀਬ ਹਾਈ ਰਿਸਕ ਇਲਾਕਿਆਂ ਦਾ ਦੌਰਾ ਕੀਤਾ। ਟੀਮ ਨੇ ਅਰਜੁਨ ਨਗਰ, ਅਮਨ ਐਵੇਨੀਊ ਨਗਰ, ਰਵਿੰਦਰ ਨਗਰ, ਪੁਲਿਸ ਥਾਣਾ ਨੰਬਰ 2, ਵਾਰਡ ਨੰਬਰ 73, ਗੁਰੂ ਅਰਜਨ ਨਗਰ ਇਲਾਕੇ ਦਾ ਦੌਰਾ ਕੀਤਾ। ਟੀਮ 'ਚ ਘਰਾਂ 'ਚ ਕੂਲਰਾਂ ਤੇ ਹੋਰ ਫਾਲਤੂ ਸਾਮਾਨ ਦੀ ਡੂੰਘੀ ਜਾਂਚ ਪੜਤਾਲ ਕੀਤੀ।
ਇਸ ਦੌਰਾਨ ਲੋਕਾਂ ਨੂੰ ਡੇਂਗੂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਕਰਨ ਲਈ ਫਰਾਈ ਡੇਅ ਨੂੰ ਡਰਾਈ ਡੇਅ ਵਜੋਂ ਮਨਾਉਣ ਲਈ ਪੇ੍ਰਿਤ ਕੀਤਾ। ਉੱਧਰ, ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਨੇ ਪਿੰਡ ਹਜ਼ਾਰਾ, ਭੋਜੇਵਾਲੀ ਅਤੇ ਜੈਤੇਵਾਲੀ ਦਾ ਦੌਰਾ ਕਰ ਲੋਕਾਂ ਨੂੰ ਬਾਰਿਸ਼ 'ਚ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ।