ਵਿਆਹ ਦਾ ਝਾਂਸਾ ਦੇ ਕੇ ਕਰਦਾ ਰਿਹਾ ਜਬਰ ਜਨਾਹ, ਪੁਲਿਸ ਨੂੰ ਦਿੱਤੀ ਸ਼ਿਕਾਇਤ
ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਵਾਲੇ ਦੀ ਦਿੱਤੀ ਪੁਲਿਸ ਨੂੰ ਸ਼ਿਕਾਇਤ
Publish Date: Thu, 13 Nov 2025 09:29 PM (IST)
Updated Date: Fri, 14 Nov 2025 04:14 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਡੇਢ ਸਾਲ ਤੱਕ ਉਸ ਨਾਲ ਜਬਰ-ਜਨਾਹ ਕੀਤਾ, ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਪੀੜਤਾ ਨੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮ ਵਿਅਕਤੀ ਦੀ ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਵਿਰੁੱਧ ਵੀ ਸ਼ਿਕਾਇਤ ਦਰਜ ਕਰਵਾਈ। ਪੀੜਤਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਇਕ ਦਿਨ ਉਹ ਮੰਦਰ ਗਈ ਸੀ ਤੇ ਮੁਲਜ਼ਮ ਵਿਅਕਤੀ ਨੂੰ ਮਿਲੀ। ਹੌਲੀ-ਹੌਲੀ ਉਹ ਗੱਲਾਂ ਕਰਨ ਲੱਗ ਪਏ ਤੇ ਆਦਮੀ ਰੋਜ਼ਾਨਾ ਮੰਦਰ ਆਉਣ ਲੱਗ ਪਿਆ। ਲਗਭਗ ਡੇਢ ਸਾਲ ਦੀ ਦੋਸਤੀ ਤੋਂ ਬਾਅਦ, ਉਹ ਨੇੜੇ ਹੋ ਗਏ। ਇਕ ਦਿਨ ਨੌਜਵਾਨ ਨੇ ਉਸ ਨੂੰ ਆਪਣੇ ਘਰ ਬੁਲਾਇਆ ਤੇ ਆਪਣੀ ਮਾਂ ਨਾਲ ਜਾਣ-ਪਛਾਣ ਕਰਵਾਈ। ਨੌਜਵਾਨ ਦੀ ਮਾਂ ਨੇ ਵੀ ਕੁੜੀ ਨੂੰ 1 ਹਜ਼ਾਰ ਰੁਪਏ ਸ਼ਗਨ ਵਜੋਂ ਦਿੱਤੇ ਤੇ ਵਿਆਹ ਲਈ ਸਹਿਮਤ ਹੋ ਗਈ। ਫਿਰ ਨੌਜਵਾਨ ਆਪਣੇ ਪਰਿਵਾਰ ਨਾਲ ਕੁੜੀ ਦੇ ਘਰ ਆਇਆ ਤੇ ਵਿਆਹ ਬਾਰੇ ਚਰਚਾ ਕੀਤੀ, ਜਿਸ ’ਤੇ ਪਰਿਵਾਰ ਨੇ ਜਵਾਬ ਦਿੱਤਾ ਕਿ ਉਹ ਇਕ ਸਾਲ ਬਾਅਦ ਵਿਆਹ ਕਰਨਗੇ। ਕੁਝ ਦਿਨਾਂ ਬਾਅਦ ਨੌਜਵਾਨ ਦਾ ਪਰਿਵਾਰ ਫਿਰ ਕੁੜੀ ਦੇ ਘਰ ਆਇਆ ਤੇ ਉਸ ਨੂੰ ਆਪਣੇ ਨਾਲ ਲੈ ਜਾਣ ਦੀ ਪੇਸ਼ਕਸ਼ ਕੀਤੀ। ਇਸ ਤੋਂ ਪ੍ਰਭਾਵਿਤ ਹੋ ਕੇ ਕੁੜੀ ਦੇ ਮਾਪਿਆਂ ਨੇ ਉਸ ਨੂੰ ਉਨ੍ਹਾਂ ਨਾਲ ਭੇਜ ਦਿੱਤਾ। ਰਸਤੇ ’ਚ ਨੌਜਵਾਨ ਨੇ ਕੁੜੀ ਨੂੰ ਦੱਸਿਆ ਕਿ ਉਸ ਨੇ ਇਕ ਕਮਰਾ ਕਿਰਾਏ ’ਤੇ ਲਿਆ ਹੈ ਤੇ ਉਹ ਵਿਆਹ ਕਰ ਕੇ ਘਰ ਵਾਪਸ ਆਉਣ ਤੋਂ ਪਹਿਲਾਂ ਕੁਝ ਦਿਨ ਉੱਥੇ ਰਹਿਣਗੇ। ਪੀੜਿਤਾ ਨੇ ਦੋਸ਼ ਲਾਇਆ ਕਿ ਇਸ ਦੌਰਾਨ ਨੌਜਵਾਨ ਨੇ ਵਿਆਹ ਦੇ ਝੂਠੇ ਵਾਅਦੇ ਹੇਠ ਕਈ ਮਹੀਨਿਆਂ ਤੱਕ ਉਸ ਨਾਲ ਸਰੀਰਕ ਸਬੰਧ ਬਣਾਏ, ਜਦੋਂ ਉਹ ਗਰਭਵਤੀ ਹੋ ਗਈ ਤਾਂ ਨੌਜਵਾਨ ਤੇ ਉਸ ਦੀ ਮਾਂ ਨੇ ਦਵਾਈ ਦੇ ਕੇ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦੀ ਸਾਜ਼ਿਸ਼ ਰਚੀ। ਹੁਣ ਨੌਜਵਾਨ ਉਸ ਨਾਲ ਵਿਆਹ ਕਰਨ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਰਿਹਾ ਹੈ। ਪੀੜਿਤਾ ਨੇ ਇਹ ਮਾਮਲਾ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਸਾਹਮਣੇ ਲਿਆਂਦਾ ਹੈ ਤੇ ਮੁਲਜ਼ਮ ਨੌਜਵਾਨ ਤੇ ਉਸ ਦੀ ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।