ਜ.ਸ., ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਲਕ ਨਗਰ ਤੋਂ ਇਕ ਅੌਰਤ ਦੇ ਕਬਜ਼ੇ 'ਚੋਂ ਇਕ ਮਹੀਨੇ ਦੀ ਬੱਚੀ ਨੂੰ ਮੁਕਤ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਬੱਚੀ ਨੂੰ ਯੂਨੀਕ ਹੋਮ ਭੇਜਣ ਤੋਂ ਬਾਅਦ ਮਾਮਲੇ ਦੀ ਜਾਂਚ ਦਾ ਦਾਅਵਾ ਵੀ ਕੀਤਾ ਗਿਆ। ਉਥੇ, ਦੂਜੇ ਪਾਸੇ ਪੀੜਤ ਅੌਰਤ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਧੱਕੇਸ਼ਾਹੀ ਦੱਸਦੇ ਹੋਏ ਪੰਜਾਬ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਬੱਚੀ ਉਨ੍ਹਾਂ ਦੀ ਨਨਾਣ ਦੀ ਹੈ, ਜਿਸ ਦੀ ਡਿਲੀਵਰੀ ਸ਼ਹਿਰ ਦੇ ਸਿਵਲ ਹਸਪਤਾਲ 'ਚ ਕਰਵਾਈ ਗਈ ਸੀ, ਜਿਸ ਦੇ ਤਮਾਮ ਦਸਤਾਵੇਜ਼ ਉਨ੍ਹਾਂ ਕੋਲ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਬਿਨਾਂ ਕਿਸੇ ਜਾਂਚ ਦੇ ਨਾ ਸਿਰਫ਼ ਅੌਰਤ ਨਾਲ ਕੁੱਟਮਾਰ ਕੀਤੀ ਹੈ ਬਲਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਦਰਅਸਲ, ਜ਼ਿਲ੍ਹਾ ਪ੍ਰਸ਼ਾਸਨ ਨੇ ਤਿਲਕ ਨਗਰ ਇਲਾਕੇ ਤੋਂ ਇਕ ਅੌਰਤ ਕੋਲੋਂ ਬੱਚੇ ਨੂੰ ਬਰਾਮਦ ਕਰਨ ਦਾ ਦਾਅਵਾ ਕੀਤਾ। ਏਡੀਸੀ ਅਨੁਸਾਰ ਘਰ 'ਚ ਛਾਪਾ ਮਾਰ ਕੇ ਅੌਰਤ ਕੋਲੋਂ ਇਕ ਮਹੀਨੇ ਦੀ ਬੱਚੀ ਨੂੰ ਮੁਕਤ ਕਰਵਾਉਣ ਦਾ ਦਾਅਵਾ ਵੀ ਕੀਤਾ। ਇਸ ਕਾਰਵਾਈ ਦਾ ਆਧਾਰ ਇਕ ਸ਼ਿਕਾਇਤ ਨੂੰ ਦੱਸਿਆ ਗਿਆ ਹੈ। ਉਥੇ, ਪੀੜਤ ਪਰਿਵਾਰ ਨੇ ਇਸ ਕਾਰਵਾਈ ਨੂੰ ਪੁਲਿਸ ਦੀ ਧੱਕੇਸ਼ਾਹੀ ਦੱਸਿਆ। ਇਸ ਦੌਰਾਨ ਤਿਲਕ ਨਗਰ ਦੇ ਰਹਿਣ ਵਾਲੇ ਮਨਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਪਰਵੀਨ ਰਾਣੀ ਦਾ ਵਿਆਹ ਤਰਨਤਾਰਨ 'ਚ ਹਰਜਿੰਦਰ ਸਿੰਘ ਨਾਲ ਹੋਇਆ ਸੀ। ਗਰਭਵਤੀ ਹੋਣ ਤੋਂ ਬਾਅਦ ਉਹ ਭੈਣ ਨੂੰ ਸ਼ਹਿਰ 'ਚ ਲੈ ਆਏ। ਇੱਥੇ ਸਿਵਲ ਹਸਪਤਾਲ 'ਚ ਚਾਰ ਜੂਨ ਨੂੰ ਡਿਲੀਵਰੀ ਕਰਵਾਈ ਗਈ, ਜਿਸ 'ਚ ਬੱਚੀ ਨੇ ਜਨਮ ਲਿਆ। ਹਸਪਤਾਲ ਦੇ ਤਮਾਮ ਦਸਤਾਵੇਜ਼ ਉਨ੍ਹਾਂ ਕੋਲ ਹਨ। ਉਥੇ, ਵੀਰਵਾਰ ਨੂੰ ਦੇਰ ਸ਼ਾਮ ਅਚਾਨਕ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਉਨ੍ਹਾਂ ਦੇ ਘਰ ਬਿਨਾਂ ਮਹਿਲਾ ਮੁਲਾਜ਼ਮ ਦੇ ਨਲ ਪਹੁੰਚ ਕੇ ਉਸ ਦੀ ਪਤਨੀ ਵੰਦਨਾ ਤੇ ਧੀ ਦੇਵਿਕਾ ਨਾਲ ਕੁੱਟਮਾਰ ਕਰਦੇ ਹੋਏ ਬੱਚੀ ਨੂੰ ਖੋਹ ਲਿਆ। ਉਸ ਦੀ ਭੈਣ ਕਿਸੇ ਕੰਮ ਬਾਹਰ ਗਈ ਸੀ। ਉਨ੍ਹਾਂ ਦੇ ਪਰਿਵਾਰ 'ਤੇ ਕਈ ਤਰ੍ਹਾਂ ਦੇ ਦੋਸ਼ ਲਾ ਕੇ ਪੁਲਿਸ ਧੱਕੇਸ਼ਾਹੀ ਕਰਦੇ ਹੋਏ ਉਸ ਦੀ ਪਤਨੀ ਤੇ ਬੱਚੀ ਨੂੰ ਥਾਣੇ ਲੈ ਗਈ। ਬੱਚੀ ਨੂੰ ਯੂਨੀਕ ਹੋਮ ਭੇਜ ਦਿੱਤਾ ਤੇ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਉਸ ਦੀ ਪਤਨੀ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਨਾਲ ਹੀ ਮਾਨਸਿਕ ਤੌਰ 'ਤੇ ਪਰੇਸ਼ਾਨੀ ਹੋਈ ਹੈ।

------------

ਮਾਸੂਮ ਦਾ ਕੀ ਕਸੂਰ ਦੱਸੇ ਪੁਲਿਸ

ਪੁਲਿਸ ਦੀ ਕਾਰਵਾਈ ਨੂੰ ਲੈ ਕੇ ਉਸ ਦੀ ਮਾਂ ਪਰਵੀਨ ਰਾਣੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਨੇ ਦੱਸਿਆ ਕਿ ਇਕ ਮਾਂ ਤੋਂ ਜੁਦਾ ਕਰ ਕੇ ਬੱਚੀ ਨੂੰ ਯੂਨੀਕ ਹੋਮ ਭੇਜ ਦਿੱਤਾ ਹੈ। ਉਹ ਬੱਚੀ ਦੀ ਸਿਹਤ ਨੂੰ ਲੈ ਕੇ ਵੀ ਚਿੰਤਤ ਹੈ। ਉਸ ਮਾਸੂਮ ਦਾ ਕੀ ਕਸੂਰ ਹੈ ਪੁਲਿਸ ਦੱਸੇ। ਉਨ੍ਹਾਂ ਕਿਹਾ ਕਿ ਜੇ ਮਾਸੂਮ ਬੱਚੀ ਨੂੰ ਸਿਹਤ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੀ ਹੋਵੇਗੀ।

--------------

ਦਸਤਾਵੇਜ਼ ਵਿਖਾ ਕੇ ਬੱਚੀ ਲੈ ਜਾਣ : ਥਾਣਾ ਮੁਖੀ

ਇਸ ਬਾਰੇ ਥਾਣਾ ਭਾਰਗਵ ਕੈਂਪ ਦੇ ਮੁਖੀ ਗਗਨਦੀਪ ਸਿੰਘ ਸੇਂਖੋਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮਿਲੇ ਨਿਰਦੇਸ਼ਾਂ 'ਤੇ ਕਾਰਵਾਈ ਕੀਤੀ ਗਈ ਹੈ। ਜੇ ਪੀੜਤ ਪਰਿਵਾਰ ਕੋਲ ਬੱਚੀ ਦੇ ਜਨਮ ਸਬੰਧੀ ਦਸਤਾਵੇਜ਼ ਹਨ ਤਾਂ ਉਹ ਵਿਖਾ ਕੇ ਬੱਚੀ ਨੂੰ ਯੂਨੀਕ ਹੋਮ ਤੋਂ ਵਾਪਸ ਲਿਜਾ ਸਕਦੇ ਹਨ।