ਰਾਕੇਸ਼ ਗਾਂਧੀ, ਜਲੰਧਰ

ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ-6 ਦੀ ਪੁਲਿਸ ਨੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਤਲਾਸ਼ੀ ਅਭਿਆਨ ਚਲਾਇਆ, ਜਿਸ ਤਹਿਤ ਅੱਜ ਪੁਲਿਸ ਟੀਮਾਂ ਵੱਲੋਂ ਡਾਗ ਸਕੁਐਡ, ਬੰਬ ਨਿਰੋਧਕ ਦਸਤੇ ਸਮੇਤ ਬੱਸ ਸਟੈਂਡ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਤੇ ਪਾਰਕਿੰਗ 'ਚ ਕਾਫ਼ੀ ਲੰਮੇ ਸਮੇਂ ਤੋਂ ਖੜ੍ਹੇ ਵਾਹਨਾਂ ਦੀ ਜਾਂਚ ਵੀ ਕੀਤੀ।

ਜਾਣਕਾਰੀ ਅਨੁਸਾਰ ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ-6 ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ, ਚੌਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ, ਬੰਬ ਨਿਰੋਧਕ ਦਸਤਾ ਤੇ ਡਾਗ ਸਕੁਐਡ ਦੀ ਟੀਮ ਨਾਲ ਬੱਸ ਸਟੈਂਡ 'ਚ ਤਲਾਸ਼ੀ ਅਭਿਆਨ ਚਲਾਇਆ। ਪੁਲਿਸ ਟੀਮਾਂ ਵੱਲੋਂ ਬੱਸ ਸਟੈਂਡ ਦੇ ਲਾਗੇ ਤਾਗੇ ਦੀਆਂ ਪਾਰਕਿੰਗ 'ਚ ਲੰਮੇ ਸਮੇਂ ਤੋਂ ਖੜ੍ਹੇ ਵਾਹਨਾਂ ਦੀ ਵੀ ਤਲਾਸ਼ੀ ਲਈ ਪੁਲਿਸ ਟੀਮਾਂ ਵੱਲੋਂ ਕਲਾਕ ਰੂਮ 'ਚ ਪਏ ਸਾਮਾਨ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਪੁਲਿਸ ਪਾਰਟੀ ਨੇ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਬੱਸਾਂ ਤੇ ਦਿੱਲੀ ਵੱਲ ਜਾਣ ਵਾਲੀਆਂ ਬੱਸਾਂ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ। ਪੁਲਿਸ ਟੀਮਾਂ ਵੱਲੋਂ ਕਈ ਵਿਅਕਤੀਆਂ ਦੇ ਸਾਮਾਨ ਦੀ ਵੀ ਤਲਾਸ਼ੀ ਲਈ ਗਈ। ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਸ ਪਾਰਟੀ ਵੱਲੋਂ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ਜੋ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਲਾਗੇ ਤਾਗੇ 26 ਜਨਵਰੀ ਤਕ ਡਰੋਨ ਉਡਾਉਣ ਦੀ ਵੀ ਪਾਬੰਦੀ ਲਗਾਈ ਗਈ ਹੈ ਜੇਕਰ ਕੋਈ ਅਜਿਹਾ ਕੰਮ ਕਰਦਾ ਕਾਬੂ ਆਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਉਨ੍ਹਾਂ ਦੇ ਆਲੇ ਦੁਆਲੇ ਕੋਈ ਸ਼ੱਕੀ ਵਿਅਕਤੀ ਜਾਂ ਸਾਮਾਨ ਬਾਰੇ ਪਤਾ ਲੱਗਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਕੰਟਰੋਲ ਰੂਮ 'ਚ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ।