ਮਨੀਸ਼ ਸ਼ਰਮਾ, ਜਲੰਧਰ

ਜ਼ਿਲ੍ਹੇ ਵਿਚ ਸ਼ਾਂਤੀਪੂਰਨ ਮਤਦਾਨ ਲਈ ਪੁਲਿਸ ਨੇ ਗੜਬੜੀ ਫੈਲਾਉਣ ਦੇ ਸ਼ੱਕੀ ਲੋਕਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰੇ ਜ਼ਿਲ੍ਹੇ ਵਿਚ 814 ਲੋਕਾਂ 'ਤੇ ਛੇ ਮਹੀਨੇ ਲਈ ਅਦਾਲਤ ਜ਼ਰੀਏ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਕਿ ਉਹ ਇਸ ਦੌਰਾਨ ਕਿਸੇ ਵੀ ਅਪਰਾਧਿਕ ਵਾਰਦਾਤ ਵਿਚ ਸ਼ਾਮਲ ਨਾ ਹੋ ਸਕਣ। ਜੇ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕ ਦਿੱਤਾ ਜਾਵੇਗਾ। ਉਥੇ ਉਨ੍ਹਾਂ ਦੀ ਜ਼ਮਾਨਤ ਦੇਣ ਵਾਲਿਆਂ 'ਤੇ ਵੀ ਕਾਰਵਾਈ ਹੋਵੇਗੀ। ਪਾਬੰਦ ਕੀਤੇ ਗਏ ਇਨ੍ਹਾਂ ਲੋਕਾਂ ਵਿਚ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਮੁਲਜ਼ਮਾਂ ਦੇ ਨਾਲ ਕੁੱਟਮਾਰ ਦੇ ਮਾਮਲਿਆਂ ਵਿਚ ਨਾਮਜ਼ਦ ਲੋਕ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਈ ਲੋਕਾਂ 'ਤੇ ਪੁਲਿਸ ਨੇ ਚੋਣਾਂ ਦੌਰਾਨ ਅੜਿੱਕਾ ਡਾਹੁਣ ਦਾ ਸ਼ੱਕ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਅਦਾਲਤ ਜ਼ਰੀਏ ਪਾਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਉਹ ਚੋਣਾਂ ਦੌਰਾਨ ਕਿਸੇ ਵੀ ਅਪਰਾਧਿਕ ਗਤੀਵਿਧੀ ਵਿਚ ਸ਼ਾਮਲ ਨਾ ਹੋ ਸਕਣ।

ਪੁਲਿਸ ਕਮਿਸ਼ਨਰੇਟ ਅਤੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਚੋਣ ਕਮਿਸ਼ਨ ਨੂੰ ਭੇਜੀ ਰਿਪੋਰਟ 'ਚ ਇਸ ਦਾ ਖੁਲਾਸਾ ਹੋਇਆ ਹੈ। ਇਸ ਤੋਂ ਇਲਾਵਾ ਪੁਲਿਸ ਲਗਾਤਾਰ ਗੈਰ ਜ਼ਮਾਨਤੀ ਵਰੰਟ ਵੀ ਤਾਮੀਲ ਕਰਵਾ ਰਹੀ ਹੈ ਤਾਂ ਕਿ ਅਜਿਹੇ ਲੋਕ ਚੋਣਾਂ ਵਿਚ ਗੜਬੜੀ ਨਾ ਫੈਲਾਅ ਸਕਣ।

ਦੋ ਤਰੀਕਿਆਂ ਨਾਲ ਕੀਤੀ ਗਈ ਕਾਰਵਾਈ

ਪੁਲਿਸ ਇਲੈਕਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋ ਤਰੀਕਿਆਂ ਨਾਲ ਕਾਰਵਾਈ ਕੀਤੀ ਗਈ ਹੈ। ਪਹਿਲਾਂ ਉਨ੍ਹਾਂ ਲੋਕਾਂ 'ਤੇ ਸੀਆਰਪੀਸੀ ਦੀ ਧਾਰਾ 107, 151 ਤਹਿਤ ਕਾਰਵਾਈ ਕੀਤੀ ਗਈ ਹੈ ਜੋ ਕਿਸੇ ਲੜਾਈ-ਝਗੜੇ ਜਾਂ ਵੱਡੇ ਕੇਸ ਵਿਚ ਸ਼ਾਮਲ ਸਨ ਅਤੇ ਇਸ ਵਕਤ ਜ਼ਮਾਨਤ 'ਤੇ ਹਨ। ਉਨ੍ਹਾਂ ਦੀ ਇਸ ਨਵੀਂ ਧਾਰਾ ਵਿਚ ਫਿਰ ਤੋਂ ਅਦਾਲਤ ਜ਼ਰੀਏ ਜ਼ਮਾਨਤ ਕਰਵਾਈ ਗਈ ਹੈ। ਖਾਸ ਕਰ ਕੇ ਉਨ੍ਹਾਂ ਲੋਕਾਂ ਨੂੰ ਇਸ ਵਿਚ ਰੱਖਿਆ ਗਿਆ ਹੈ ਜਿਨ੍ਹਾਂ ਖ਼ਿਲਾਫ਼ 4 ਜਾਂ ਉਸ ਤੋਂ ਵੱਧ ਮੁਕੱਦਮੇ ਦਰਜ ਹਨ। ਦੂਸਰੀ ਕਾਰਵਾਈ ਧਾਰਾ 107, 150 ਸੀਆਰਪੀਸੀ ਤਹਿਤ ਕੀਤੀ ਗਈ ਹੈ ਜਿਸ ਵਿਚ ਅਪਰਾਧਿਕ ਕਿਸਮ ਦੇ ਲੋਕਾਂ ਬਾਰੇ ਅਦਾਲਤ ਨੂੰ ਲਿਖ ਕੇ ਦੇ ਦਿੱਤਾ ਗਿਆ ਹੈ। ਫਿਰ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਅਤੇ ਉਨ੍ਹਾਂ ਨੂੰ ਜ਼ਮਾਨਤ ਕਰਵਾਉਣੀ ਪਈ। ਕੋਈ ਵੀ ਇਸ ਪਾਬੰਦੀ ਨੂੰ ਤੋੜੇਗਾ ਤਾਂ ਉਸ ਨੂੰ ਫੜ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਫਿਰ ਕੇਸ ਵਾਂਗ ਹੀ ਉਸ ਦੀ ਵੀ ਸੁਣਵਾਈ ਹੋਵੇਗੀ।

ਦੇਹਾਤ 'ਚ ਵੱਧ, ਸ਼ਹਿਰ 'ਚ ਘੱਟ

ਚੋਣ ਕਮਿਸ਼ਨ ਨੂੰ ਭੇਜੀ ਰਿਪੋਰਟ ਨੂੰ ਦੇਖਿਆ ਜਾਵੇ ਤਾਂ ਚੋਣਾਂ ਵਿਚ ਗੜਬੜੀ ਫੈਲਾਉਣ ਵਾਲਿਆਂ ਦੀ ਗਿਣਤੀ ਜਲੰਧਰ ਦਿਹਾਤੀ ਖੇਤਰ ਵਿਚ ਵੱਧ ਹੈ। ਦੇਹਾਤ ਪੁਲਿਸ ਦੀ ਰਿਪੋਰਟ ਮੁਤਾਬਕ ਉਨ੍ਹਾਂ ਅਜਿਹੇ 692 ਲੋਕਾਂ 'ਤੇ ਪਾਬੰਦੀ ਲਗਾਈ ਹੈ ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਉਥੇ 12 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਹੈ ਜੋ ਚੋਣ ਮਾਹੌਲ ਵਿਚ ਗੜਬੜ ਫੈਲਾਅ ਸਕਦੇ ਹਨ। ਪੁਲਿਸ ਕਮਿਸ਼ਨਰੇਟ ਯਾਨੀ ਸ਼ਹਿਰੀ ਏਰੀਆ ਵਿਚ ਅਜਿਹੇ 96 ਲੋਕਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

ਗੈਂਗ, ਫਿਰਕੂ ਤੇ ਜਾਤੀਵਾਦ ਫੈਲਾਉਣ ਵਾਲੇ ਨਹੀਂ

ਪੁਲਿਸ ਦੀ ਰਿਪੋਰਟ ਵਿਚ ਜਲੰਧਰ ਦਿਹਾਤੀ ਤੇ ਸ਼ਹਿਰੀ ਏਰੀਆ ਵਿਚ ਅਜਿਹਾ ਕੋਈ ਨਹੀਂ ਮਿਲਿਆ ਜਿਸ 'ਤੇ ਪੁਲਿਸ ਨੂੰ ਫਿਰਕੂ ਜਾਂ ਗੈਂਗਵਾਰ ਸਬੰਧ ਸ਼ੱਕ ਹੋਵੇ। ਪੁਲਿਸ ਦੀ ਰਿਪੋਰਟ 'ਚ ਉਪਰੋਕਤ ਦੋਵਾਂ ਲਈ ਜਗ੍ਹਾ ਖਾਲੀ ਛੱਡੀ ਗਈ ਹੈ।

97 ਲੋਕਾਂ ਦੇ ਵਾਰੰਟ ਤਾਮੀਲ

ਦੇਹਾਤ ਤੇ ਸ਼ਹਿਰੀ ਖੇਤਰ ਵਿਚ ਪੁਲਿਸ ਹੁਣ ਤਕ 97 ਲੋਕਾਂ ਦੇ ਗੈਰ ਜ਼ਮਾਨਤੀ ਵਾਰੰਟ ਤਾਮੀਲ ਕਰਵਾ ਚੁੱਕੀ ਹੈ। ਦਿਹਾਤੀ ਖੇਤਰ ਵਿਚ 23 ਵਾਰੰਟ ਤਾਮੀਲ ਕਰਵਾ ਲਏ ਗਏ ਹਨ ਜਦਕਿ ਚਾਰ ਪੈਂਡਿੰਗ ਹਨ। ਉੱਥੇ ਸ਼ਹਿਰੀ ਪੁਲਿਸ ਨੇ 74 ਵਾਰੰਟ ਤਾਮੀਲ ਕਰਵਾ ਦਿੱਤੇ ਹਨ।