ਸੁਰਿੰਦਰ ਪਾਲ ਕੁੱਕੂ, ਦੁਸਾਂਝ ਕਲਾਂ : ਪਿਛਲੇ ਸਮੇਂ ਦੌਰਾਨ ਨਸ਼ਾ ਵੇਚਦੇ ਮੁੰਡੇ ਵੱਲੋਂ ਪੁਲਿਸ ਮੁਲਾਜ਼ਮ ਤੋਂ ਸਟੇਨਗੰਨ ਖੋਹੇ ਜਾਣ ਦੀ ਇਕ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ ਸੰਦੀਪ ਸਿੰਘ ਸਰਹਾਲ 'ਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਪ੍ਰੀਤਮ ਕੌਰ ਨੇ ਦੱਸਿਆ ਕਿ ਉਸ ਦੇ ਪੋਤੇ ਸੰਦੀਪ ਸਿੰਘ ਨੂੰ ਇਸ ਕੇਸ 'ਚ ਅਡੀਸ਼ਨਲ ਸੈਸ਼ਨ ਜੱਜ ਜਲੰਧਰ ਕੁਲਜੀਤ ਪਾਲ ਸਿੰਘ ਦੀ ਅਦਾਲਤ ਵੱਲੋਂ 28 ਨਵੰਬਰ 2017 ਦੇ ਫੈਸਲੇ ਮੁਤਾਬਕ ਬਰੀ ਕੀਤਾ ਜਾ ਚੁੱਕਾ ਹੈ। ਕੇਸ ਵੀ ਖਤਮ ਹੋ ਚੁੱਕਾ ਹੈ ਤੇ ਸੰਦੀਪ ਸਿੰਘ ਵੀ ਵਿਦੇਸ਼ 'ਚ ਹੈ। ਪੁਲਿਸ ਹਾਲੇ ਵੀ ਉਸ ਦੀ ਭਾਲ 'ਚ ਸਰਹਾਲ ਮੁੰਡੀ ਉਨ੍ਹਾਂ ਦੇ ਘਰ ਵਾਰ-ਵਾਰ ਛਾਪੇ ਮਾਰ ਕੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪ੍ਰੀਤਮ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਮੁਲਾਜ਼ਮ ਇਹ ਦੱਸਦੇ ਕਿ ਉਹ ਕਿਹੜੇ ਥਾਣੇ ਤੋਂ ਆਏ ਹਨ ਤੇ ਹਰ ਵਾਰ ਧਮਕੀਆਂ ਦੇ ਕੇ ਚਲੇ ਜਾਂਦੇ ਹਨ। ਉਸ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਅਣਪਛਾਤੇ ਪੁਲਿਸ ਮੁਲਾਜ਼ਮਾਂ ਤੋਂ ਬਚਾਇਆ ਜਾਵੇ। ਜਦੋਂ ਇਸ ਸਬੰਧੀ ਚੌਕੀ ਇੰਚਾਰਜ ਦੁਸਾਂਝ ਕਲਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੌਕੀ ਦੁਸਾਂਝ ਕਲਾਂ ਤੋਂ ਕੋਈ ਵੀ ਮੁਲਾਜ਼ਮ ਸੰਦੀਪ ਦੇ ਘਰ ਜਾ ਕੇ ਪਰੇਸ਼ਾਨ ਨਹੀਂ ਕਰਦਾ।