ਪਿ੍ਰਤਪਾਲ ਸਿੰਘ, ਸ਼ਾਹਕੋਟ : 12 ਕਿਲੋ ਹੈਰੋਇਨ, ਡਰੱਗ ਮਨੀ ਤੇ ਅਸਲੇ ਸਮੇਤ ਨਵੰਬਰ 2020 'ਚ ਅੰਤਰਰਾਸ਼ਟਰੀ ਗਿਰੋਹ ਦੇ 15 ਮੈਂਬਰਾਂ 'ਚੋਂ 9ਵੇਂ ਮੁਲਜ਼ਮ ਨੂੰ ਗਿ੍ਫਤਾਰ ਕਰਨ ਵਿਚ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ 17 ਨਵੰਬਰ 2020 ਨੂੰ ਐੱਨਡੀਪੀਐੱਸ ਤੇ ਆਰਮਜ਼ ਐਕਟ ਤਹਿਤ ਮੁਕੱਦਮਾ ਨੰਬਰ 313 ਦਰਜ ਕਰਕੇ ਹਰਜਿੰਦਰਪਾਲ ਉਰਫ ਕਾਲਾ, ਰਣਜੀਤ ਸਿੰਘ ਵਾਸੀਅਨ ਕਿੱਲਚਾਂ (ਫਿਰੋਜ਼ਪੁਰ), ਸੰਜੀਵ ਉਰਫ ਸਿੰਟੂ ਵਾਸੀ ਭਾਰਤ ਨਗਰ (ਫਿਰੋਜ਼ਪੁਰ), ਕਿਸ਼ਨ ਸਿੰਘ ਉਰਫ ਦੌਲਤ ਵਾਸੀ ਕਰਨਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ (ਰਾਜਸਥਾਨ), ਜਗਮੋਹਨ ਸਿੰਘ ਜੱਗੂ ਵਾਸੀ ਦਲਪੱਤ ਸਿੰਘਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ (ਰਾਜਸਥਾਨ), ਬਰਿੰਦਰ ਸਿੰਘ ਵਾਸੀ ਕੋਟਫੱਤਾ (ਬਠਿੰਡਾ), ਕਮਲਪ੍ਰਰੀਤ ਸਿੰਘ ਉਰਫ ਕਮਲ ਵਾਸੀ ਸ਼੍ਰੀ ਗੰਗਾਨਗਰ (ਰਾਜਸਥਾਨ) ਅਤੇ ਬਲਕਾਰ ਸਿੰਘ ਉਰਫ ਬੱਲੀ ਵਾਸੀ ਰਿਧੀ ਸਿਧੀ ਕਾਲੋਨੀ ਸ਼੍ਰੀ ਗੰਗਾਨਗਰ (ਰਾਜਸਥਾਨ) ਨੂੰ 11 ਕਿੱਲੋ 725 ਗ੍ਰਾਮ ਹੈਰੋਇਨ, 24 ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ, 2 ਪਿਸਤੌਲਾਂ ਤੇ 71 ਰੌਂਦ ਸਮੇਤ ਗਿ੍ਫ਼ਤਾਰ ਕਰ ਲਿਆ ਸੀ। ਇਸ ਮੁਕੱਦਮੇ ਵਿਚ ਜੱਸਾ ਵਾਸੀ ਸ਼੍ਰੀ ਕਰਨਪੁਰ ਸ਼੍ਰੀ ਗੰਗਾਨਗਰ (ਰਾਜਸਥਾਨ), ਰੇਸ਼ਮ ਸਿੰਘ ਵਾਸੀ ਕਬੀਰ ਨਗਰ (ਜਲੰਧਰ), ਮਨਜੀਤ ਸਿੰਘ ਉਰਫ ਬਾਜਵਾ ਵਾਸੀ ਪਿੰਡ ਰਾਏਪੁਰ ਅਰਾਈਆਂ (ਕਪੂਰਥਲਾ), ਸ਼ੇਰਾ ਵਾਸੀ ਕਸੂਰ (ਪਾਕਿਸਤਾਨ), ਹਾਜੀ ਵਾਸੀ ਪਾਕਿਸਤਾਨ, ਗੁੱਜਰ ਵਾਸੀ ਸਾਊਦੀ ਅਰਬ ਤੇ ਗਗਨ ਵਾਸੀ ਸ਼੍ਰੀ ਗੰਗਾਨਗਰ (ਰਾਜਸਥਾਨ) ਫਰਾਰ ਚੱਲ ਰਹੇ ਸਨ। ਪੁਲਿਸ ਨੇ ਇਨ੍ਹਾਂ 'ਚੋਂ ਜਸਵੀਰ ਸਿੰਘ ਉਰਫ ਜੱਸਾ ਵਾਸੀ ਕਰਨਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ (ਰਾਜਸਥਾਨ) ਨੂੰ ਗਿ੍ਫਤਾਰ ਕਰ ਲਿਆ ਹੈ ਤੇ ਇਨ੍ਹਾਂ ਦੇ ਬਾਕੀ ਸਾਥੀਆਂ ਰੇਸ਼ਮ ਸਿੰਘ ਤੇ ਮਨਜੀਤ ਸਿੰਘ ਉਰਫ ਬਾਜਵਾ ਨੂੰ ਗਿ੍ਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਜਸਵੀਰ ਸਿੰਘ ਉਰਫ ਜੱਸਾ ਨੇ ਦੱਸਿਆ ਕਿ ਉਹ ਕਰਨਪੁਰ (ਰਾਜਸਥਾਨ) ਵਿਖੇ ਫੋਟੋ ਸਟੂਡੀਓ ਦਾ ਕੰਮ ਕਰਦਾ ਸੀ ਜਿੱਥੇ ਉਸ ਦੀ ਪਛਾਣ ਕਰਨਪੁਰ ਬਾਰਡਰ 'ਤੇ ਡਿਊਟੀ ਕਰਦੇ ਬੀਐੱਸਐੱਫ ਦੇ ਜਵਾਨ ਬਰਿੰਦਰ ਸਿੰਘ ਨਾਲ ਹੋਈ। ਉਸ ਨੇ ਬਰਿੰਦਰ ਸਿੰਘ ਨੂੰ ਬਲਕਾਰ ਸਿੰਘ ਬੱਲੀ ਤੇ ਹੋਰ ਸਾਥੀਆਂ ਨਾਲ ਮਿਲਵਾਇਆ ਤੇ ਉੱਥੇ ਸਿਪਾਹੀ ਬਰਿੰਦਰ ਸਿੰਘ ਨਾਲ ਪਾਕਿਸਤਾਨ ਸਾਈਡ ਤੋਂ ਬਾਰਡਰ ਰਾਹੀਂ ਹੈਰੋਇਨ ਲੰਘਾਉਣ ਬਾਰੇ ਗੱਲਬਾਤ ਕੀਤੀ ਗਈ। ਇਨ੍ਹਾਂ ਸਾਰਿਆਂ ਨੇ ਇਕ ਗਿਰੋਹ ਬਣਾ ਕੇ ਪਾਕਿਸਤਾਨ ਵਾਲੇ ਪਾਸਿਓਂ ਹੈਰੋਇਨ ਮੰਗਵਾਈ। ਜਿਸ ਦੇ ਬਦਲੇ ਸਿਪਾਹੀ ਬਰਿੰਦਰ ਸਿੰਘ ਤੇ ਜਸਵੀਰ ਸਿੰਘ ਜੱਸਾ ਨੂੰ ਪੈਸੇ ਮਿਲਦੇ ਸਨ। ਐੱਸਐੱਚਓ ਨੇ ਦੱਸਿਆ ਕਿ ਜਸਵੀਰ ਸਿੰਘ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਫਰਾਰ ਮੁਲਜ਼ਮਾਂ ਬਾਰੇ ਅਹਿਮ ਸੁਰਾਗ ਹੱਥ ਲੱਗਣ ਦੀ ਆਸ ਹੈ।