ਜਲੰਧਰ : ਪੁਲਿਸ ਤੇ ਐੱਸਟੀਐੱਫ ਦੀ ਟੀਮ ਨੇ ਐਤਵਾਰ ਨੂੰ ਨਸ਼ੇ ਲਈ ਬਦਨਾਮ ਭੋਗਪੁਰ ਦੇ ਪਿੰਡ ਕਿੰਗਰਾ 'ਚ ਛਾਪੇਮਾਰੀ ਕੀਤੀ। ਦੋ ਐੱਸਪੀ, ਚਾਰ ਡੀਐੱਸਪੀ, ਤਿੰਨ ਐੱਸਐੱਚਓ ਨਾਲ 200 ਪੁਲਿਸ ਮੁਲਾਜ਼ਮਾਂ ਨੇ ਐੱਸਟੀਐੱਫ ਨਾਲ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਨਾਲ ਪਿੰਡ 'ਚ ਅਫਰਾ-ਤਫ਼ਰੀ ਮੱਚ ਗਈ। ਕਾਰਵਾਈ ਦੌਰਾਨ ਚਾਰ ਔਰਤਾਂ ਸਮੇਤ 11 ਅਣਪਛਾਤਿਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਾਲਾਂਕਿ ਨਸ਼ੇ ਦੀ ਬਰਾਮਦਗੀ ਨੂੰ ਲੈ ਕੇ ਪੁਲਿਸ ਨੂੰ ਹਾਲੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਛਾਪੇਮਾਰੀ ਦੌਰਾਨ ਪੁਲਿਸ ਨੇ ਘਰ-ਘਰ 'ਚੋਂ ਤਲਾਸ਼ੀ ਲਈ ਤੇ ਲੋਕਾਂ ਕੋਲੋਂ ਪੁੱਛ-ਗਿੱਛ ਕੀਤੀ। ਇਸ ਦੌਰਾਨ ਇਕ ਨੌਜਵਾਨ ਕੋਲੋਂ ਸੀਰਿੰਜ਼ ਤੇ 85 ਸਾਲਾ ਬਜੁਰਗ ਬਖ਼ਸ਼ੀ ਰਾਮ ਤੋਂ 50 ਗ੍ਰਾਮ ਚੁਰਾਪੋਸਤ ਬਰਾਮਦ ਹੋਇਆ ਹੈ।

ਪਿੰਡ ਵਾਲਿਆਂ ਨੂੰ ਦਿੱਤੀ ਚਿਤਾਵਨੀ, ਸੂਚਨਾ ਦੇਣ ਲਈ ਉਤਸ਼ਾਹ ਕੀਤਾ

ਪੁਲਿਸ ਤੇ ਐੱਸਟੀਐੱਫ ਦੀ ਟੀਮ ਨੇ ਛਾਪੇਮਾਰੀ ਦੌਰਾਨ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਨਸ਼ੇ ਦੀ ਖਰੀਦ-ਫਰੋਖਤ ਬੰਦ ਕਰਨ ਲਈ ਆਖਰੀ ਚਿਤਾਵਨੀ ਦਿੱਤੀ। ਪੁਲਿਸ ਅਫ਼ਸਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਤਸਕਰੀ ਨੂੰ ਖ਼ਬਰ ਮਿਲਦਿਆਂ ਹੀ ਪੁਲਿਸ ਨੂੰ ਸੂਚਨਾ ਦੇਣ। ਉਨ੍ਹਾਂ ਦਾ ਨਾਂ ਤੇ ਪਤਾ ਗੁਪਤ ਰੱਖਿਆ ਜਾਵੇਗਾ।

Posted By: Amita Verma