ਸੰਵਾਦ ਸਹਿਯੋਗੀ, ਜਲੰਧਰ : ਡਿਗਰੀਆਂ ਨਾ ਮਿਲਣ ਕਾਰਨ ਐੱਸਸੀ ਵਿਦਿਆਰਥੀਆਂ ਨੂੰ ਦਾਖ਼ਲਾ ਲੈਣ 'ਚ ਹੋ ਰਹੀ ਪਰੇਸ਼ਾਨੀ ਕਾਰਨ ਸ਼ੁੱਕਰਵਾਰ ਨੂੰ ਐੱਸਸੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜਲੰਧਰ ਦੇ ਬੀਐੱਸਐੱਫ ਚੌਕ 'ਚ ਧਰਨਾ ਪ੍ਰਦਰਸ਼ਨ ਕੀਤਾ। ਪੁਲਿਸ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਉਥੋਂ ਉਠਾਉਣ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਨਹੀਂ ਬਣੀ ਤਾਂ ਪੁਲਿਸ ਨੇ ਤਾਕਤ ਦੀ ਵਰਤੋਂ ਕਰਦੇ ਹੋਏ ਪਹਿਲਾਂ ਵਿਦਿਆਰਥੀਆਂ ਦੇ ਥੱਪੜ ਮਾਰੇ ਤੇ ਫਿਰ ਲਾਠੀਚਾਰਜ ਕਰਦੇ ਹੋਏ ਉਨ੍ਹਾਂ ਨੂੰ ਥਾਣੇ ਲਿਜਾ ਕੇ ਨਜ਼ਰਬੰਦ ਕਰ ਦਿੱਤਾ। ਬੀਐੱਸਐੱਫ ਚੌਕ 'ਤੇ ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਧਰਨਾ ਲਾ ਕੇ ਚੌਕ ਜਾਮ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਣ 'ਤੇ ਥਾਣਾ ਬਾਰਾਦਾਰੀ ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਕਈ ਵਿਦਿਆਰਥੀਆਂ ਨੂੰ ਉਨ੍ਹਾਂ ਹਿਰਾਸਤ 'ਚ ਲੈ ਲਿਆ। ਪੁਲਿਸ ਨੇ 80 ਵਿਦਿਆਰਥੀਆਂ ਨਾਲ ਹੱਥਾਪਾਈ ਕਰ ਕੇ ਥੱਪੜ ਮਾਰੇ ਤੇ ਉਥੇ ਉਨ੍ਹਾਂ 'ਤੇ ਲਾਠੀਚਾਰਜ ਵੀ ਕੀਤਾ। ਪੁਲਿਸ ਧਰਨਾ ਦੇ ਰਹੇ ਵਿਦਿਆਰਥੀ ਆਗੂਆਂ ਨਵਦੀਪ ਦਕੋਹਾ, ਵਿਸ਼ਾਲ ਨੂਸੀ, ਕਮਲਜੀਤ ਕੁਮਾਰ ਤੇ 6 ਤੋਂ ਸੱਤ ਲੜਕਿਆਂ ਨੂੰ ਚੁੱਕ ਕੇ ਲੈ ਗਈ। ਵਿਦਿਆਰਤੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮੋਬਾਈਲ ਫੋਨ ਤਕ ਖੋਹ ਲਏ ਗਏ।

ਦਰਅਸਲ, ਐੱਸਸੀ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਅੱਜ ਮੋਰਚਾ ਖੋਲਿ੍ਹਆ ਸੀ, ਜਿਸ ਮਗਰੋਂ ਪੁਲਿਸ ਵੱਲੋਂ ਹਿਰਾਸਤ 'ਚ ਲਏ ਜਾਣ ਮਗਰੋਂ ਮਾਹੌਲ ਗਰਮਾ ਗਿਆ। ਇਕ ਵਿਦਿਆਰਥੀ ਨੇ ਕਿਹਾ ਕਿ ਪੁਲਿਸ ਦਾ ਇਹ ਰਵੱਈਆ ਕਾਫੀ ਨਿੰਦਾਯੋਗ ਹੈ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਐੱਸਸੀ ਸਕਾਲਰਸ਼ਿਪ ਦਾ ਪੈਸਾ ਹਾਲੇ ਤਕ ਸਰਕਾਰ ਨੇ ਉਨ੍ਹਾਂ ਨੂੰ ਜਾਰੀ ਨਹੀਂ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਦਾਖ਼ਲਾ ਨਹੀਂ ਮਿਲ ਰਿਹਾ ਹੈ। ਇਸੇ ਤਹਿਤ ਇਹ ਧਰਨਾ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਪੇਪਰ ਵੀ ਸੀ ਪਰ ਪੁਲਿਸ ਦੇ ਇਸ ਰਵੱਈਏ ਮਗਰੋਂ ਜੇਕਰ ਉਨ੍ਹਾਂ ਦਾ ਐਗਜ਼ਾਮ ਕੈਂਸਲ ਹੋ ਜਾਂਦਾ ਹੈ ਤਾਂ ਸਾਰੇ ਵਿਦਿਆਰਥੀਆਂ 'ਚ ਭਾਰੀ ਰੋਸ ਪਾਇਆ ਜਾਵੇਗਾ।

ਉਥੇ ਮਾਮਲੇ ਦੀ ਸੂਚਨਾ ਮਿਲਦੇ ਹੀ ਵਿਧਾਇਕ ਸੁਖਵਿੰਦਰ ਕੋਟਲੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਥਾਣਾ ਬਾਰਾਦਰੀ ਪੁੱਜੇ। ਇਸ ਦੌਰਾਨ ਪੁਲਿਸ ਨੇ ਥਾਣੇ ਦਾ ਗੇਟ ਬੰਦ ਕਰ ਦਿੱਤਾ। ਸਾਬਕਾ ਵਿਧਾਇਕ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਮੌਜੂਦ ਏਸੀਪੀ ਨਿਰਮਲ ਸਿੰਘ ਨੇ ਕਿਹਾ ਕਿ ਸਾਰਿਆਂ ਦਾ ਪੱਖ ਸੁਣਿਆ ਜਾ ਰਿਹਾ ਹੈ। ਨਾ ਲਾਠੀਚਾਰਜ ਕੀਤਾ ਗਿਆ ਹੈ ਤੇ ਨਾ ਕੁੱਟਮਾਰ ਕੀਤੀ ਗਈ ਹੈ। ਥੋੜ੍ਹੀ-ਬਹੁਤ ਧੱਕਾ-ਮੁੱਕਾ ਹੋਈ ਹੈ ਪਰ ਮਾਮਲਾ ਸੰਭਾਲ ਲਿਆ ਗਿਆ ਹੈ।