ਜਤਿੰਦਰ ਪੰਮੀ, ਜਲੰਧਰ : ਜਲੰਧਰ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਅੰਮਿ੍ਤਸਰ, ਤਰਨਤਾਰਨ ਅਤੇ ਬਟਾਲਾ ਪੁਲਿਸ ਜ਼ਿਲਿ੍ਹਆਂ 'ਚ ਹੋਈਆਂ ਮੌਤਾਂ ਦੀ ਮੈਜਿਸਟ੍ਰੇਟ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਵੱਲੋਂ 6 ਅਗਸਤ ਨੂੰ ਬਚਤ ਭਵਨ ਅੰਮਿ੍ਤਸਰ ਵਿਖੇ ਜਾਂਚ ਕਮੇਟੀ ਨਾਲ ਪਹਿਲੀ ਮੀਟਿੰਗ ਕੀਤੀ ਜਾਵੇਗੀ। ਡਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਸ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ। ਇਸ 'ਚ ਜ਼ਹਿਰੀਲੀ ਸ਼ਰਾਬ ਦੇ ਸਾਧਨਾਂ ਜਿਸ ਨਾਲ ਮੌਤਾਂ ਹੋਈਆਂ, ਜ਼ਹਿਰੀਲੀ ਸ਼ਰਾਬ 'ਚ ਪਾਏ ਗਏ ਸਾਮਾਨ ਅਤੇ ਇਸ ਦੀ ਵੰਡ, ਇਸ 'ਚ ਸ਼ਾਮਲ ਲੋਕਾਂ/ਏਜੰਸੀਆਂ ਦੀ ਭੂਮਿਕਾ, ਜਵਾਬਦੇਹੀ ਨਿਰਧਾਰਿਤ ਕਰਨ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਿਫਾਰਸ਼ਾਂ ਕੀਤੀਆਂ ਜਾਣਗੀਆਂ। ਜਾਂਚ ਕਮੇਟੀ ਦੇ ਚੇਅਰਮੈਨ ਚੌਧਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਇਸ ਜ਼ਹਿਰੀਲੀ ਸ਼ਰਾਬ ਬਣਾਉਣ ਅਤੇ ਇਸ ਦੀ ਵੰਡ ਕਰਨ 'ਚ ਸ਼ਾਮਲ ਵਿਅਕਤੀਆਂ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਇਸ ਸਬੰਧੀ ਲਿਖਤੀ ਸੂਚਨਾ ਈ ਮੇਲ 'ਤੇ ਭੇਜ ਸਕਦੇ ਹਨ।