ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਤਿ੍ਰਵੈਣੀ ਸਾਹਿਤਕ ਅਕੈਡਮੀ ਨੇ ਦੇਸ਼ ਭਗਤ ਯਾਦਗਾਰ ਹਾਲ 'ਚ ਵਿਖੇ ਸਮਾਗਮ ਕਰਵਾਇਆ। ਇਸ ਸਮਾਗਮ ਵਿਚ ਡਾਕਟਰ ਧਰਮਪਾਲ ਸਾਹਿਲ ਦੀ ਨਵੀਂ ਪ੍ਰਕਾਸ਼ਿਤ ਹੋਇਆ ਨਾਟਕ 'ਮੋਰਾਂ ਮੇਰੀ ਜਾਨ' ਰਿਲੀਜ਼ ਕੀਤਾ ਗਿਆ। ਨਾਟਕ ਨੂੰ ਲੋਕ ਅਰਪਣ ਕਰਨ ਦੀ ਰਸਮ ਮੁੱਖ ਮਹਿਮਾਨ ਡਾ. ਕਲਾਸ ਭਾਰਤਵਾਜ, ਪ੍ਰੋਫੈਸਰ ਮੋਹਨ ਸਪਰਾ, ਡਾ. ਅਜੇ ਸ਼ਰਮਾ, ਡਾ. ਗੀਤਾ ਡੋਗਰਾ ਨੇ ਅਦਾ ਕੀਤੀ। ਇਸ ਤੋਂ ਪਹਿਲਾਂ ਡਾ. ਗੀਤਾ ਡੋਗਰਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਤਿ੍ਰਵੈਣੀ ਸਾਹਿਤਕ ਅਕੈਡਮੀ ਦੀਆਂ ਸਰਗਰਮੀਆਂ 'ਤੇ ਚਾਨਣਾ ਪਾਇਆ। ਇਸ ਤੋਂ ਬਾਅਦ ਡਾ. ਮਨੋਜ ਪ੍ਰੀਤ ਨੇ ਨਾਟਕ 'ਤੇ ਲਿਖੇ ਪਰਚੇ ਬਾਰੇ ਆਪਣੇ ਵਿਚਾਰ ਰੱਖੇ। ਡਾ. ਕੈਲਾਸ਼ ਭਾਰਦਵਾਜ ਨੇ ਨਾਟਕ ਨੂੰ ਪੰਜਾਬ ਵਿਚ ਨਾਟਕ ਰਚਨਾ ਵਿਚ ਆਈ ਖੜੋਤ ਨੂੰ ਤੋੜਨ ਵਾਲਾ ਕਦਮ ਦੱਸਿਆ। ਉਨ੍ਹਾਂ ਆਖਿਆ ਕਿ ਇਸ ਨਾਟਕ ਰਾਹੀਂ ਮੋਰਾਂ ਜਿਹੇ ਹਾਸ਼ੀਏ 'ਤੇ ਪਏ ਇਤਿਹਾਸਕ ਪਾਤਰ ਨੂੰ ਜੀਊਂਦਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਪ੍ਰੋਫ਼ੈਸਰ ਮੋਹਨ ਸਪਰਾ ਤੇ ਡਾ. ਅਜੇ ਸ਼ਰਮਾ ਨੇ ਡਾ. ਧਰਮਪਾਲ ਸਾਹਿਲ ਦੀ ਇਸ ਨਾਟਕ ਰਚਨਾ ਸਬੰਧੀ ਸ਼ਲਾਘਾ ਕੀਤੀ। ਪ੍ਰੋਮਿਲਾ ਅਰੋੜਾ ਨੇ ਇਸ ਨੂੰ ਰਣਜੀਤ ਸਿੰਘ ਦੇ ਇਸਤਰੀ ਪ੍ਰਤੀ ਦਿ੍ਰਸ਼ਟੀਕੋਣ ਨੂੰ ਉਭਾਰਨ ਵਾਲੀ ਰਚਨਾ ਆਖਿਆ। ਸ਼ਾਹਿਦ ਹਸਨ ਸ਼ਾਹਿਦ ਨੇ ਵੀ ਨਾਟਕ ਰਚਨਾ ਵਿਚ ਆਈ ਖੜੋਤ ਤੋੜ ਕੇ ਗਤੀਸ਼ੀਲਤਾ ਲਿਆਉਣ ਲਈ ਸਾਹਿਲ ਦੀ ਸ਼ਲਾਘਾ ਕੀਤੀ। ਡਾ. ਧਰਮਪਾਲ ਸਾਹਿਲ ਨੇ ਆਖਿਆ ਕਿ ਨਾਟਕ ਲਿਖਣ ਦਾ ਇਹ ਉਨ੍ਹਾਂ ਦਾ ਪਹਿਲਾ ਕਦਮ ਹੈ। ਮੰਚ ਸੰਚਾਲਨ ਕੁਮਰੀਆ ਸ਼ਰਮਾ ਲੁਧਿਆਣਾ ਨੇ ਕੀਤਾ। ਇਸ ਮੌਕੇ ਡਾ. ਸਰਲਾ ਭਾਰਦਵਾਜ, ਕਮਲੇਸ਼ ਆਹੂਜਾ, ਰਾਜਿੰਦਰ ਬਿਮਲ, ਪ੍ਰੀਤ ਮੀਨਾਰ ਤੇ ਹੋਰਾਂ ਨੇ ਆਪਣੀ ਹਾਜ਼ਰੀ ਲਗਵਾਈ।