ਮਦਨ ਭਾਰਦਵਾਜ, ਜਲੰਧਰ : ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਦੀ ਵਰਤੋਂ 'ਤੇ ਲਾਈ ਗਈ ਪਾਬੰਦੀ 'ਤੇ ਅਮਲ ਕਰਨ ਤੇ ਵਰਤੋਂ ਨੂੰ ਰੋਕਣ 'ਚ ਨਗਰ ਨਿਗਮ ਅਸਫਲ ਰਹੀ ਹੈ। ਸ਼ਹਿਰ ਦੀਆਂ ਦੁਕਾਨਾਂ 'ਤੇ ਬਕਾਇਦਾ ਇਨ੍ਹਾਂ ਲਿਫਾਫਿਆਂ ਅਤੇ ਪਲਾਸਟਿਕ ਦੀਆਂ ਬਣੀਆਂ ਚੀਜ਼ਾਂ ਦੀ ਸ਼ਰੇਆਮ ਵਰਤੋਂ ਕੀਤੀ ਜਾ ਰਹੀ ਹੈ ਪਰ ਨਗਰ ਨਿਗਮ ਪ੍ਰਸ਼ਾਸਨ ਸਰਕਾਰੀ ਹੁਕਮਾਂ 'ਤੇ ਅਮਲ ਕਰਵਾਉਣ ਦੀ ਥਾਂ 'ਤੇ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਲਗਪਗ ਮਹੀਨਾ ਪਹਿਲਾਂ ਨਗਰ ਨਿਗਮ ਦੀ ਹੈਲਥ ਬਰਾਂਚ ਨੇ ਪਲਾਸਟਿਕ ਵਿਰੁੱਧ ਮੁਹਿੰਮ ਚਲਾਈ ਸੀ ਤੇ ਦੁਕਾਨਦਾਰਾਂ ਦੇ ਚਲਾਨ ਵੀ ਕੀਤੇ ਸਨ ਪਰ ਚਾਲੂ ਮਹੀਨੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਦਾ ਤਬਾਦਲਾ ਹੋਣ ਤੋਂ ਬਾਅਦ ਉਕਤ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ ਤੇ ਦੁਕਾਨਦਾਰ ਬਿਨਾਂ ਕਿਸੇ ਖੋਫ਼ ਦੇ ਪਲਾਸਟਿਕ ਤੇ ਇਸ ਦੇ ਲਿਫਾਫਿਆਂ ਦੀ ਵਰਤੋਂ ਕਰ ਰਹੇ ਹਨ। ਹੈਲਥ ਬਰਾਂਚ ਦੇ ਡਾਕਟਰਾਂ ਦੀਆਂ 3 ਟੀਮਾਂ ਨੇ ਸੈਂਟਰਲ, ਨਾਰਥ, ਵੈਸਟ ਅਤੇ ਕੈਂਟ ਹਲਕੇ 'ਚ ਵੱਖ-ਵੱਖ ਟੀਮਾਂ ਬਣਾ ਕੇ ਦੁਕਾਨਾਂ 'ਤੇ ਪਲਾਸਟਿਕ ਦੇ ਲਿਫਾਫੇ ਰੱਖਣ ਤੇ ਉਨ੍ਹਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੀਤੇ ਅਤੇ ਉਨ੍ਹਾਂ ਵੱਲੋਂ ਦੁਕਾਨ ਅੰਦਰ ਰੱਖੇ ਹੋਏ ਲਿਫਾਫੇ ਕਬਜ਼ੇ 'ਚ ਵੀ ਲਏ ਪਰ ਦੁਕਾਨਦਾਰਾਂ ਨੂੰ ਕਿੰਨਾ ਜੁਰਮਾਨਾ ਕੀਤਾ ਗਿਆ ਅਤੇ ਕੀ ਚਿਤਾਵਨੀ ਦਿੱਤੀ ਗਈ, ਇਸ ਬਾਰੇ ਨਿਗਮ ਪ੍ਰਸ਼ਾਸਨ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ।

-----------------

ਸੰਯੁਕਤ ਕਮਿਸ਼ਨਰ ਦੀ ਅਗਵਾਈ 'ਚ ਹੋਈ ਸੀ ਛਾਪਾਮਾਰੀ

ਲਗਪਗ 6 ਮਹੀਨੇ ਪਹਿਲਾਂ ਨਗਰ ਨਿਗਮ ਦੇ ਸਾਬਕਾ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਦੀ ਅਗਵਾਈ 'ਚ ਤਹਿ ਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਨਾਲ ਸ਼ਹਿਰ ਦੀਆਂ ਪ੍ਰਮੁੱਖ ਦੁਕਾਨਾਂ, ਸ਼ੋਅ ਰੂਮਾਂ ਅਤੇ ਮੰਡੀਆਂ 'ਚ ਪਲਾਸਟਿਕ ਦੀ ਵਰਤੋਂ ਖਿਲਾਫ ਛਾਪੇਮਾਰੀ ਕੀਤੀ ਗਈ ਸੀ ਅਤੇ ਉਥੋਂ ਕੁਇੰਟਲਾਂ ਦੇ ਹਿਸਾਬ ਨਾਲ ਬੋਰੀਆਂ 'ਚ ਬੰਦ ਇਹ ਲਿਫਾਫੇ ਬਰਾਮਦ ਕਰਕੇ ਨਗਰ ਨਿਗਮ ਦੇ ਦਫਤਰ 'ਚ ਲਿਆਂਦੇ ਗਏ ਅਤੇ ਦੁਕਾਨਦਾਰਾਂ ਦੇ ਚਲਾਨ ਵੀ ਕੀਤੇ ਗਏ ਸਨ। ਨਗਰ ਨਿਗਮ ਦਾ ਜਿਹੜਾ ਸਟੋਰ ਬਣਾਇਆ ਗਿਆ ਸੀ, ਉਹ ਇਨ੍ਹਾਂ ਲਿਫਾਫਿਆਂ ਨਾਲ ਭਰੀਆਂ ਬੋਰੀਆਂ ਨਾਲ ਭਰ ਗਿਆ ਸੀ। ਇਸ ਦੌਰਾਨ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਦਾ ਤਬਾਦਲਾ ਮੋਗਾ ਵਿਖੇ ਹੋ ਗਿਆ ਜਿਸ ਕਾਰਨ ਉਕਤ ਸਫਲ ਮੁਹਿੰਮ ਅਸਫਲ ਬਣ ਰਹਿ ਗਈ।

-----------

ਫੈਕਟਰੀ ਮਾਲਕ ਨੂੰ ਕੀਤਾ ਸੀ 50 ਹਜ਼ਾਰ ਜੁਰਮਾਨਾ

ਇਸ ਦੌਰਾਨ ਸਾਬਕਾ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਅਤੇ ਹੈਲਥ ਅਸਫਰ ਡਾ. ਕ੍ਰਿਸ਼ਨ ਸ਼ਰਮਾ ਨੇ ਆਪਣੇ ਸਟਾਫ ਨਾਲ ਇਨਡਸਟ੍ਰੀਅਲ ਏਰੀਆ 'ਚ ਇਕ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ ਫੈਕਟਰੀ 'ਤੇ ਛਾਪੇਮਾਰੀ ਕੀਤੀ ਗਈ ਸੀ, ਜਿਥੋਂ ਲਿਫਾਫੇ ਬਣਾਉਣ ਦਾ ਕੱਚਾ ਮਾਲ ਅਤੇ ਬਣੇ ਹੋਏ ਕਈ ਕੁਇੰਟਲ ਲਿਫਾਫੇ ਫੜੇ ਗਏ ਸਨ ਅਤੇ ਫੈਕਟਰੀ ਮਾਲਕ ਦਾ ਚਲਾਨ ਕਰ ਕੇ ਉਸ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ ਅਤੇ ਉਸ ਦਾ ਸਾਰਾ ਸਾਮਾਨ ਕਬਜ਼ੇ 'ਚ ਲੈ ਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਫੈਕਟਰੀਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਭਾਵੇਂ ਇਸ ਕਾਰਵਾਈ ਕਾਰਨ ਜਿਥੇ ਜਲੰਧਰ 'ਚ ਲਿਫਾਫੇ ਬਣਾਉਣ ਦਾ ਕੰਮ ਵਧੇਰੇ ਪ੍ਰਭਾਵਿਤ ਹੋ ਗਿਆ ਸੀ ਅਤੇ ਫੈਕਟਰੀਆਂ ਵਾਲੇ ਤੰਗ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਸਰਕਾਰ ਵੱਲੋਂ ਲਿਫਾਫੇ ਦੀ ਨਿਰਧਾਰਤ ਮੋਟਾਈ ਤੇ ਹੋਰ ਸ਼ਰਤਾਂ ਬਾਰੇ ਜਾਣੂ ਕਰਵਾ ਕੇ ਮੈਟੀਰੀਅਲ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਸੀ। ਜਲੰਧਰ 'ਚ ਲਿਫਾਫੇ ਬੰਦ ਹੋਣ ਤੋਂ ਬਾਅਦ ਇਹ ਲਿਫਾਫੇ ਲੁੁਧਿਆਣਾ ਤੋਂ ਆਉਣੇ ਸ਼ੁਰੂ ਹੋ ਗਏ ਸਨ, ਜਿਸ 'ਤੇ ਇੱਥੋਂ ਦੇ ਫੈਕਟਰੀਆਂ ਦੇ ਮਾਲਕਾਂ ਨੇ ਇਤਰਾਜ਼ ਕੀਤਾ ਸੀ। ਉਸ ਤੋਂ ਬਾਅਦ ਜਦੋਂ ਸੰਯੁਕਤ ਕਮਿਸ਼ਨਰ ਦਾ ਤਬਾਦਲਾ ਹੋ ਗਿਆ ਤਾਂ ਇਹ ਮੁਹਿੰਮ ਵੀ ਠੁੱਸ ਹੋ ਕੇ ਰਹਿ ਗਈ। ਹੁਣ ਜਦੋਂ ਹੈਲਥ ਬਰਾਂਚ ਦੇ ਤਿੰਨ ਡਾਕਟਰਾਂ ਡਾ. ਕ੍ਰਿਸ਼ਨ ਸ਼ਰਮਾ, ਡਾ. ਰਾਜ ਕਮਲ ਅਤੇ ਡਾ. ਸੁਮਿਤਾ ਅਬਰੋਲ ਨੇ 4 ਵਿਧਾਨ ਸਭਾ ਹਲਕਿਆਂ 'ਚ ਮੁੁਹਿੰਮ ਪਿਛਲੇ ਮਹੀਨੇ ਸ਼ੁਰੂ ਕੀਤੀ ਸੀ, ਉਹ ਵੀ ਕਮਿਸ਼ਨਰ ਦੇ ਤਬਾਦਲੇ ਤੋਂ ਬਾਅਦ ਉਥੇ ਦੀ ਉਥੇ ਹੀ ਰਹਿ ਗਈ।

--------------

ਮੁਹਿੰਮ ਜਾਰੀ ਰਹੇਗੀ : ਹੈਲਥ ਅਫਸਰ

ਇਸ ਦੌਰਾਨ ਨਗਰ ਨਿਗਮ ਦੇ ਹੈਲਥ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੇ ਕਿਹਾ ਹੈ ਕਿ ਪਲਾਸਟਿਕ ਵਿਰੁੱਧ ਮੁਹਿੰਮ ਜਾਰੀ ਰਹੇਗੀ ਅਤੇ ਇਸ ਨੂੰ ਹਰ ਕੀਮਤ 'ਤੇ ਬੰਦ ਕਰਵਾਇਆ ਜਾਏਗਾ।