ਸਤਿੰਦਰ ਸ਼ਰਮਾ, ਫਿਲੌਰ : ਅਜੋਕੇ ਸਮੇਂ 'ਚ ਸਮਾਜ ਦਾ ਭਾਵੇਂ ਨਿਘਾਰ ਹੋ ਗਿਆ ਹੈ। ਇਨਸਾਨੀਅਤ, ਨੈਤਿਕ ਕਦਰਾਂ-ਕੀਮਤਾਂ ਤੇ ਲੋਕ ਭਲਾਈ ਦੀ ਭਾਵਨਾ ਉੱਕਾ ਹੀ ਗੁਆਚ ਚੁੱਕੀ ਹੈ ਪਰ ਇਸ ਦੇ ਬਾਵਜੂਦ ਕੁਝ ਕੁ ਲੋਕ ਹਨ ਜੋ ਸੁਭਾਅ ਪੱਖੋਂ ਹੀ ਜਾਗਦੀ ਚੇਤਨਾ ਦੇ ਮਾਲਕ ਹਨ ਤੇ ਹਮੇਸ਼ਾ ਸਮਾਜ ਦੀ ਬਿਹਤਰੀ ਲਈ ਕੁਝ ਨਾ ਕੁਝ ਸੋਚਦੇ ਤੇ ਕਰਦੇ ਹਨ। ਅਜਿਹੀ ਹੀ ਇਕ ਮਿਸਾਲ ਮਿਲੀ ਨੇੜਲੇ ਪਿੰਡ ਮੁਠੱਡਾ ਕਲਾਂ ਦੇ ਵਸਨੀਕ ਡਾ. ਸਰਬਜੀਤ ਗਿੱਲ ਹੋਰਾਂ ਦੀ। ਡਾ. ਗਿੱਲ ਦੀਆਂ ਦੋਵਾਂ ਧੀਆਂ ਦਾ 6 ਤੇ 8 ਦਸੰਬਰ ਨੂੰ ਅਨੰਦ ਕਾਰਜ ਹੈ, ਉਹ ਇਲਾਕੇ ਦੀ ਜਾਣੀ ਪਛਾਣੀ ਸ਼ਖ਼ਸੀਅਤ ਹਨ। ਇਸੇ ਸੰਦਰਭ 'ਚ ਮੰਗਲਵਾਰ ਉਨ੍ਹਾਂ ਨੇ ਆਪਣੇ ਸਾਕ ਸਬੰਧੀਆਂ ਤੇ ਦੋਸਤਾਂ ਮਿੱਤਰਾਂ ਨੂੰ ਧੀਆਂ ਦੇ ਵਿਆਹ ਮੌਕੇ ਮਿਠਆਈਆਂ ਦੇ ਡੱਬਿਆਂ ਦੀ ਥਾਂ 'ਤੇ ਫੁੱਲ ਤੇ ਫਲਦਾਰ ਬੂਟੇ ਵੰਡੇ। ਇਹ ਅਨੋਖੀ ਮਿਸਾਲ ਨੂੰ ਸਾਰੇ ਦੋਸਤਾਂ ਤੇ ਸਨੇਹੀਆਂ ਨੇ ਪਸੰਦ ਕੀਤਾ ਤੇ ਕਾਫੀ ਸ਼ਲਾਘਾ ਕੀਤੀ। ਪੁੱਛੇ ਜਾਣ 'ਤੇ ਡਾ. ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਜਿੰਨੀ ਕੁ ਸਮਝ ਤੇ ਸਮਰੱਥਾ ਰੱਖਦੇ ਹਨ, ਉਹ ਉਸੇ ਢੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਧੀਆਂ ਤੇ ਦਾਮਾਦ ਡਾਕਟਰ ਹਨ। ਅਸੀਂ ਹਰ ਰੋਜ਼ ਪਾਣੀ ਤੇ ਵਾਤਾਵਰਨ ਦੀ ਬਚਾਉਣ ਦੀਆਂ ਗੱਲਾਂ ਕਰਦੇ ਹਾਂ ਪਰ ਅਮਲ ਪੱਖੋਂ ਕੋਰੇ ਹਾਂ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸਰਕਾਰਾਂ ਕਰੋੜਾਂ ਰੁਪਏ ਇਸ਼ਤਿਹਾਰਾਂ 'ਤੇ ਖ਼ਰਚ ਕਰ ਰਹੀਆਂ ਹਨ ਪਰ ਅਮਲ ਨਾ ਕਰਨ ਦੀ ਸੂਰਤ 'ਚ ਖ਼ੁਦ ਅਸੀਂ ਹੀ ਪਲੀਤ ਵਾਤਾਵਰਨ ਦਾ ਬੁਰੀ ਤਰਾਂ ਸ਼ਿਕਾਰ ਹੋ ਰਹੇ ਹਾਂ ਤੇ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਅੱਤ ਦੀ ਮਹਿੰਗਾਈ 'ਚ ਆਪਣੇ ਘਰ ਦਵਾਈਆਂ ਤੇ ਤਕਲੀਫਾਂ 'ਚ ਬਰਬਾਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਆਪਣੀਆਂ ਧੀਆਂ ਦੇ ਵਿਆਹ ਮੌਕੇ ਸਮਾਜ ਨੂੰ ਇਹੋ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਯਤਨ ਕੀਤਾ ਜਾ ਸਕਦਾ ਹੈ।