ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਉੱਗੀ ਨਕੋਦਰ ਮੁੱਖ ਸੜਕ ਹੁਣ ਨਾਂ ਦੀ ਹੀ ਸੜਕ ਰਹਿ ਗਈ ਹੈ ਜਦਕਿ ਸੜਕ 'ਤੇ ਪਏ ਵੱਡੇ-ਵੱਡੇ ਟੋਏ ਰਾਹਗੀਰਾਂ ਦਾ ਸਵਾਗਤ ਕਰਦੇ ਹਨ ਜੋ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ, ਜਿਸ 'ਚ ਪਿੰਡ ਮੱਲ੍ਹੀਆਂ ਕਲਾਂ ਦੇ ਸੇਵਾਮੁਕਤ ਅਧਿਆਪਕ ਸਵਰਨ ਸਿੰਘ ਦਸ ਕੁ ਦਿਨ ਪਹਿਲਾਂ ਕਿਸੇ ਕੰਮ ਲਈ ਸਕੂਟਰ 'ਤੇ ਮੱਲ੍ਹੀਆਂ ਤੋਂ ਉੱਗੀ ਵੱਲ ਜਾ ਰਹੇ ਸਨ ਤਾਂ ਸੜਕ 'ਚ ਪਏ ਟੋਇਆਂ ਕਾਰਨ ਸੰਤੁਲਨ ਵਿਗੜਿਆ ਤੇ ਉਹ ਡਿੱਗ ਪਏ। ਉਨ੍ਹਾਂ ਦੇ ਸਿਰ 'ਤੇ ਸੱਟ ਲੱਗੀ ਸੀ। ਇਲਾਜ ਮਗਰੋਂ ਉਹ ਹੁਣ ਘਰ ਆ ਗਏ ਸਨ। ਐਤਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਜ਼ਿੰਮੇਵਾਰੀ ਸਰਕਾਰ ਦੀ ਅਣਗਹਿਲੀ ਹੈ। ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਹਾਦਸੇ ਦੁਰਦਸ਼ਾ ਕਾਰਨ ਵਾਪਰ ਚੁੱਕੇ ਹਨ ਜਿਸ ਨਾਲ ਇਲਾਕੇ ਦੇ ਲੋਕ ਡਾਢੇ ਪਰੇਸ਼ਾਨ ਹਨ। ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਤੇ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਾਣਕਾਰੀ ਮਿਲੀ ਹੈ ਕਿ 23 ਸਤੰਬਰ ਨੂੰ ਸੜਕ ਲਈ ਟੈਂਡਰ ਖੁੱਲ੍ਹ ਰਿਹਾ ਹੈ। ਇਹ ਸੜਕ ਫਿਲੌਰ ਤੋਂ ਉੱਗੀ ਤਕ ਵਾਇਆ ਨਕੋਦਰ ਬਿਲਕੁਲ ਟੁੱਟੀ ਹੋਈ ਹੈ। ਇਸ ਤੋਂ ਅੱਗੇ ਜ਼ਿਲ੍ਹਾ ਕਪੂਰਥਲਾ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਤੇ ਇਸ ਹੱਦ ਤੋਂ ਲੈ ਕੇ ਕਪੂਰਥਲਾ ਤਕ ਤਿੰਨ ਵਾਰ ਸੜਕ ਬਣਾਈ ਜਾ ਚੁੱਕੀ ਹੈ ਜਦ ਕੇ ਜ਼ਿਲ੍ਹਾ ਜਲੰਧਰ ਦੀ ਇਹ ਸੜਕ ਇਕ ਵਾਰ ਵੀ ਨਹੀਂ ਬਣੀ ਹੈ। ਇਸ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨਕੋਦਰ ਦੇ ਸਰਕਲ ਪ੍ਰਧਾਨ ਜਥੇਦਾਰ ਲਸ਼ਕਰ ਸਿੰਘ, ਅਕਾਲੀ ਦਲ ਦੇ ਉੱਘੇ ਆਗੂ ਹਰਭਜਨ ਸਿੰਘ ਹੁੰਦਲ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਰੈੱਸ ਨਾਲ ਮੁਲਾਕਾਤ ਦੌਰਾਨ ਕਿਹਾ ਹੈ ਕਿ ਸੜਕ ਦੀ ਮਾੜੀ ਹਾਲਤ ਲਈ ਧਰਨੇ ਮੁਜ਼ਾਹਰਿਆਂ ਤੇ ਮੰਗ ਪੱਤਰਾਂ ਨਾਲ ਕਈ ਵਾਰ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਜੇ ਤਕ ਮਸਲਾ ਹੱਲ ਨਹੀਂ ਹੋ ਸਕਿਆ ਹੈ। ਹੁਣ ਪਤਾ ਲੱਗਾ ਹੈ ਕਿ 23 ਸਤੰਬਰ ਨੂੰ ਸੜਕ ਲਈ ਟੈਂਡਰ ਖੁੱਲ੍ਹ ਰਹੇ ਹਨ ਤੇ ਜੇ ਹੁਣ ਵੀ ਸਰਕਾਰ ਨੇ ਇਸ ਸੜਕ ਨੂੰ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਤਾਂ 23 ਸਤੰਬਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ, ਖੱਬੀਆਂ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਦੋਨਾ ਖੇਤਰ ਦੇ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਵੱਡੇ ਪੱਧਰ 'ਤੇ ਸੰਘਰਸ ਵਿੱਿਢਆ ਜਾਵੇਗਾ। ਅੱਡਾ ਉੱਗੀ, ਮੱਲ੍ਹੀਆਂ ਕਲਾਂ ਤੇ ਟੁੱਟ ਕਲਾਂ ਦੇ ਦੁਕਾਨਦਾਰਾਂ ਨੇ ਵੀ ਰੋਸ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਟੁੱਟੀ ਸੜਕ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ।