ਸਾਹਿਲ ਸ਼ਰਮਾ, ਨਕੋਦਰ : ਸ਼ਹਿਰ 'ਚ ਨਕੋਦਰ-ਜਲੰਧਰ ਮਾਰਗ 'ਤੇ ਸੀਵਰੇਜ ਪਾਉਣ ਦੇ ਕੰਮ ਦੇ ਰੁਕ ਜਾਣ ਨਾਲ ਦੂਰ-ਦੂਰ ਤਕ ਪੁੱਟੀ ਸੜਕ ਤੋਂ ਉੱਡਦੀ ਧੂੜ ਤੋਂ ਹਾਲੇ ਰਾਹਗੀਰ ਤੇ ਆਲੇ-ਦੁਆਲੇ ਦੇ ਦੁਕਾਨਦਾਰ ਨਿਜਾਤ ਨਹੀਂ ਪਾ ਸਕੇ ਹਨ ਤੇ ਹੁਣ ਥਾਣੇ ਸਾਹਮਣੇ ਵਾਟਰ ਸਪਲਾਈ ਦੀ ਲੀਕੇਜ ਠੀਕ ਕਰਨ ਲਈ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵੱਲੋਂ ਪੁੱਟਿਆ ਗਿਆ ਡੂੰਘਾ ਟੋਇਆ ਪਿਛਲੇ ਇਕ ਹਫਤੇ ਤੋਂ ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਤੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਕਰੀਬ 10 ਫੁੱਟ ਪੁੱਟੇ ਡੂੰਘੇ ਟੋਏ ਕਾਰਨ ਰਾਹਗੀਰ ਬੜੀ ਮੁਸ਼ਕਲ ਨਾਲ ਇੱਥੋਂ ਲੰਘਦੇ ਹਨ। ਟੋਏ ਦੇ ਆਲੇ-ਦੁਆਲੇ ਕੋਈ ਵੀ ਸਾਈਨ ਬੋਰਡ ਲਾ ਕੇ ਚਿਤਾਵਨੀ ਨਹੀਂ ਦਿੱਤੀ ਗਈ ਹੈ। ਕੋਈ ਵੀ ਅਚਾਨਕ ਇਸ ਟੋਏ 'ਚ ਡਿੱਗ ਕੇ ਜਾਨ ਗੁਆ ਸਕਦਾ ਹੈ। ਇਸ ਸੜਕ 'ਤੇ ਆਮ ਤੌਰ 'ਤੇ ਆਵਾਰਾ ਸਾਨ੍ਹ ਘੁੰਮਦੇ ਰਹਿੰਦੇ ਹਨ ਕਿਸੇ ਵੇਲੇ ਵੀ ਕੋਈ ਪਸ਼ੂ ਇਸ ਟੋਏ 'ਚ ਡਿੱਗ ਸਕਦਾ ਹੈ। ਵਰਨਣਯੋਗ ਹੈ ਕਿ ਜਦੋਂ ਇਸ ਸੜਕ 'ਤੇ ਸੀਵਰੇਜ ਪਾਉਣ ਦੇ ਕੰਮ ਲਈ ਸੜਕ ਪੁੱਟੀ ਗਈ ਸੀ ਤਾਂ ਇਕ ਸਾਨ੍ਹ ਰਾਤ ਵੇਲੇ ਟੋਏ 'ਚ ਡਿੱਗ ਪਿਆ ਸੀ ਤੇ ਸੀਵਰੇਜ ਦਾ ਕੰਮ ਕਰ ਰਹੀ ਕੰਪਨੀ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ ਫਿਰ ਕਈ ਘੰਟਿਆਂ ਬਾਅਦ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਸਾਨ੍ਹ ਨੂੰ ਬਾਹਰ ਕੱਿਢਆ ਗਿਆ ਸੀ। ਇਸ ਘਟਨਾ ਹੋਣ ਤੋਂ ਬਾਅਦ ਵੀ ਮਹਿਕਮੇ ਨੇ ਕੋਈ ਸਬਕ ਨਹੀਂ ਲਿਆ ਤੇ ਡੂੰਘੇ ਟੋਏ ਨੂੰ ਬਿਨਾਂ ਕਿਸੇ ਦੀ ਸੁਰੱਖਿਆ ਦਾ ਧਿਆਨ ਰੱਖੇ ਪਿਛਲੇ ਇਕ ਹਫ਼ਤੇ ਤੋਂ ਪੁੱਟਿਆ ਹੋਇਆ ਹੈ। ਲੋਕਾਂ ਦੀ ਮੰਗ ਹੈ ਕਿ ਵਾਟਰ ਸਪਲਾਈ ਦੀ ਲੀਕੇਜ ਨੂੰ ਛੇਤੀ ਠੀਕ ਕੀਤਾ ਜਾਵੇ। ਇਸ ਟੋਏ ਸਬੰਧੀ ਐੱਸਡੀਓ ਵਾਟਰ ਸਪਲਾਈ ਸੀਵਰੇਜ ਬੋਰਡ ਨਕੋਦਰ ਦੀਪਕ ਕੁਮਾਰ ਦਾ ਕਹਿਣਾ ਹੈ ਕਿ ਵਾਟਰ ਸਪਲਾਈ ਦੀ ਲੀਕੇਜ ਨੂੰ ਠੀਕ ਕਰਨ ਲਈ ਟੋਇਆ ਪੁੱਟਿਆ ਗਿਆ ਸੀ, ਲੀਕੇਜ ਦੀ ਸਮੱਸਿਆ ਠੀਕ ਕਰ ਦਿੱਤੀ ਗਈ ਹੈ ਤੇ ਇਸ ਟੋਏ ਨੂੰ ਛੇਤੀ ਪੂਰ ਦਿੱਤਾ ਜਾਵੇਗਾ।