ਸੰਵਾਦ ਸਹਿਯੋਗੀ, ਜਲੰਧਰ : ਨਿਊ ਸ਼ਿਵਾਜੀ ਨਗਰ 'ਚ ਚੱਲੀ ਗੋਲੀ ਦੇ ਮਾਮਲੇ 'ਚ ਆਹਮੋ-ਸਾਹਮਣੇ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਮਾਮਲੇ 'ਚ ਦੋਵੇਂ ਪਾਸਿਓਂ ਹਾਈ ਪ੍ਰਰੋਫਾਈਲ ਲੋਕ ਹੋਣ ਕਾਰਨ ਪੁਲਿਸ ਦੁਚਿੱਤੀ 'ਚ ਫਸ ਗਈ ਹੈ। ਰਿੰਕੂ ਹਮਾਇਤੀ 'ਤੇ ਜਿਥੇ ਪੁਲਿਸ ਨੇ ਹੱਤਿਆ ਦੇ ਯਤਨ ਦਾ ਮਾਮਲਾ ਦਰਜ ਕੀਤਾ ਹੈ ਉਥੇ ਦੂਜੇ ਪਾਸੇ ਸ਼ੀਤਲ ਹਮਾਇਤੀ 'ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦੋਵੇਂ ਪਾਸਿਓਂ ਗੋਲੀ ਚਲਾਉਣ ਦੀ ਹੋਈ ਹੈ ਪਰ ਇਕ ਪਾਸੇ ਹੱਤਿਆ ਦੇ ਯਤਨ ਦਾ ਮਾਮਲਾ ਹੋਣ ਤੇ ਦੂਜੇ ਪਾਸੇ ਆਰਮਜ਼ ਐਕਟ ਲੱਗਣ 'ਤੇ ਸਿਆਸੀ ਦਬਾਅ ਪੁਲਿਸ 'ਤੇ ਸਾਫ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸੇ ਦਬਾਅ ਕਾਰਨ ਪੁਲਿਸ ਨੇ ਹਾਲੇ ਤਕ ਦੋਵੇਂ ਪਾਸਿਓਂ ਕੋਈ ਗਿ੍ਫ਼ਤਾਰੀ ਨਹੀਂ ਦਿਖਾਈ ਪਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਦੋਵੇਂ ਪਾਸਿਓਂ ਸਿਆਸਤਦਾਨਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਹੈ। ਮੰਗਲਵਾਰ ਨੂੰ ਇਸ ਮਾਮਲੇ 'ਚ ਪੁਲਿਸ ਨੇ ਸਾਬਕਾ ਵਿਧਾਇਕ ਰਿੰਕੂ ਦੇ ਕਰੀਬੀ ਦੀਪਕ ਜਿਸ ਖ਼ਿਲਾਫ਼ ਹੱਤਿਆ ਦੇ ਯਤਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਲਾਇਸੈਂਸੀ ਰਿਵਾਲਵਰ ਉਸ ਦੇ ਘਰ ਤੋਂ ਜ਼ਬਤ ਕਰ ਲਿਆ। ਐੱਸਆਈਟੀ 'ਚ ਸ਼ਾਮਲ ਏਡੀਸੀਪੀ ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਸਾਰੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ ਤੇ ਨਾਲ ਹੀ ਉਨ੍ਹਾਂ ਦੀ ਫੁਟੇਜ ਵੀ ਕਬਜ਼ੇ 'ਚ ਲਈ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਇਸ ਸਬੰਧ 'ਚ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ। ਓਧਰ, ਮੰਗਲਵਾਰ ਨੂੰ ਵੀ ਵੈਸਟ ਦੇ ਇਲਾਕੇ 'ਚ ਸਿਆਸਤ ਕਾਫੀ ਭਖ ਰਹੀ। ਦੋਵੇਂ ਪਾਸਿਓਂ ਹਮਾਇਤੀ ਆਪੋ-ਆਪਣੇ ਆਕਾਵਾਂ ਕੋਲ ਰਹੇ ਤੇ ਅੱਗੇ ਦੀ ਰਣਨੀਤੀ ਬਣਾਉਂਦੇ ਰਹੇ।