ਰਾਜ ਕੁਮਾਰ ਨੰਗਲ, ਫਿਲੌਰ : ਸ਼ਹਿਰ ਦੇ ਮੁਹੱਲਾ ਕਲਸੀ ਨਗਰ ਵਿਚ ਇਕ 20-22 ਸਾਲ ਦੇ ਨੌਜਵਾਨ ਦੀ ਝਾੜੀਆਂ 'ਚੋਂ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ। ਇੰਝ ਲਗਦਾ ਹੈ ਕਿ ਉਸ ਦੀ ਮੌਤ ਨਸ਼ਾ ਕਰਨ ਕਰ ਕੇ ਹੋਈ ਹੋਵੇ। ਆਸ-ਪਾਸ ਦੇ ਲੋਕਾਂ ਨੇ ਲਾਸ਼ ਨੂੰ ਦੇਖ ਕੇ ਫਿਲੌਰ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਐੱਸਐੱਚਓ ਨਰਿੰਦਰ ਸਿੰਘ ਅਤੇ ਏਐੱਸਆਈ ਵਿਜੇ ਘਟਨਾ ਸਥਾਨ 'ਤੇ ਪਹੁੰਚੇ। ਪੁਲਿਸ ਵੱਲੋਂ ਪੁੱਛ ਪੜਤਾਲ ਕੀਤੀ ਗਈ ਪਰ ਨੌਜਵਾਨ ਦੀ ਪਛਾਣ ਨਾ ਹੋ ਸਕੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਫਿਲਹਾਲ ਸਿਵਲ ਹਸਪਤਾਲ 'ਚ 72 ਘੰਟਿਆਂ ਲਈ ਸ਼ਨਾਖ਼ਤ ਲਈ ਰੱਖ ਦਿੱਤੀ ਹੈ। ਐੱਸਐੱਚਓ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ, ਜਾਂਚ ਕਰ ਰਹੇ ਹਨ।