ਅਕਸ਼ੇਦੀਪ ਸ਼ਰਮਾ, ਆਦਮਪੁਰ : ਦੋਲੀਕੇ ਦੇ ਨੌਜਵਾਨਾਂ ਦਾਰਾ ਸਿੰਘ, ਜਸਪਾਲ ਸਿੰਘ, ਮਨਜੀਤ ਸਿੰਘ, ਮਿੰਦਾ, ਬਾਜਾ, ਕਾਕਾ, ਦੇਸ ਰਾਜ, ਬੌਬੀ ਦੋਲੀਕੇ, ਸੰਦੀਪ ਸਿੰਘ, ਸਰਪੰਚ ਸੰਜੀਵ ਮਡਾਰ (ਰੋਕੀ) ਬਿਆਸ ਪਿੰਡ ਤੇ ਪੰਜਾਬ ਪੁਲਿਸ ਨੇ ਗੁੱਜਰਾਂ ਦੇ ਡੇਰੇ ਤੋਂ ਇਕ ਮੰਦਬੁੱਧੀ ਵਿਅਕਤੀ ਨੂੰ ਛੁਡਵਾਇਆ ਹੈ ਜਿਸ ਕੋਲੋਂ ਕਿ ਜ਼ਬਰੀ ਕੰਮ ਲਿਆ ਜਾ ਰਿਹਾ ਸੀ। ਜਦੋਂ ਨੌਜਵਾਨਾਂ ਨੇ ਗੁਜਰਾਂ ਦੇ ਡੇਰੇ 'ਤੇ ਜਾ ਕੇ ਦੇਖਿਆ ਤਾਂ ਮੰਦਬੁੱਧੀ ਭੀਮਾ ਜਿਸ ਦੀ ਉਮਰ ਕਰੀਬ 35 ਸਾਲ ਹੈ, ਕੋਲੋਂ ਨੰਗੇ ਪੈਰੀਂ ਤੇ ਨੰਗੇ ਸਿਰ ਬਿਨਾਂ ਕੋਈ ਕੋਟੀ ਜਾ ਸਵੈਟਰ ਦੇ ਠੰਢ ਵਿਚ ਕੰਮ ਕਰਵਾਇਆ ਜਾ ਰਿਹਾ ਸੀ।

ਜਦੋਂ ਮੌਕੇ 'ਤੇ ਡੇਰਾ ਮਾਲਕ ਸੈਫ ਅਲੀ ਤੋਂ ਪੁੱਿਛਆ ਗਿਆ ਕਿ ਇਸ ਮੰਦਬੁੱਧੀ ਵਿਅਕਤੀ ਨੂੰ ਕੰਮ 'ਤੇ ਰੱਖਣ ਦੀ ਪੁਲਿਸ ਕੋਲ ਰਜਿਸਟ੍ਰੇਸ਼ਨ ਕਰਵਾਈ ਹੋਇਆ ਜਾਂ ਨਹੀਂ, ਤਾਂ ਸੈਫ ਅਲੀ ਨੇ ਦਸਿਆ ਕਿ ਉਨ੍ਹਾਂ ਨੇ ਬਿਆਸ ਪਿੰਡ ਦੇ ਸਰਪੰਚ ਸੰਜੀਵ ਮਡਾਰ (ਰੋਕੀ) ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਸਰਪੰਚ ਸੰਜੀਵ ਮਡਾਰ (ਰੋਕੀ) ਨੂੰ ਮੌਕੇ 'ਤੇ ਬੁਲਾਇਆ ਗਿਆ ਤਾਂ ਸਰਪੰਚ ਨੇ ਸੈਫ ਅਲੀ ਦੀਆ ਗੱਲਾਂ ਨੂੰ ਝੂਠ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਤਾਂ ਡੇਰੇ ਵਾਲਿਆਂ ਨੂੰ ਇਕ ਮਹੀਨਾ ਪਹਿਲਾਂ ਹੀ ਕਿਹਾ ਸੀ ਕਿ ਜੇ ਕਿਸੇ ਮੰਦਬੁੱਧੀ ਜਾਂ ਹੋਰ ਵਿਅਕਤੀ ਤੋਂ ਜ਼ਬਰੀ ਕੰਮ ਕਰਵਾ ਰਹੇ ਹੋ ਤਾਂ ਉਸ ਨੂੰ ਵਾਪਸ ਭੇਜ ਦਿੱਤਾ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਪਰ ਬਾਵਜੂਦ ਡੇਰੇ ਵਾਲੇ ਜ਼ਬਰੀ ਮੰਦਬੁੱਧੀ ਨੌਜਵਾਨ ਕੋਲੋਂ ਕੰਮ ਕਰਵਾਉਂਦੇ ਰਹੇ।

ਜਦੋ ਨੌਜਵਾਨਾਂ ਵੱਲੋਂ ਇਸ ਮੰਦਬੁੱਧੀ ਵਿਅਕਤੀ ਨੂੰ ਗੁੱਜਰਾਂ ਦੇ ਡੇਰੇ ਤੋਂ ਛੁਡਵਾਉਣ ਲਈ ਗੱਲ ਕਿਸੇ ਸਿਰੇ ਨਾ ਚੜ੍ਹੀ ਤਾਂ ਇਸ ਮੌਕੇ 'ਤੇ ਹੀ ਏਐੱਸਆਈ ਹਰਪਾਲ ਸਿੰਘ ਚੌਕੀ ਅਲਾਵਲਪੁਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਪੁਲਿਸ ਮੁਲਾਜ਼ਮ ਭੇਜੇ। ਫਿਰ ਸਰਪੰਚ ਸੰਜੀਵ ਮਡਾਰ (ਰੋਕੀ) ਤੇ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ 'ਚ ਭੀਮਾ ਨੂੰ ਗੁੱਜਰਾਂ ਦੇ ਡੇਰੇ ਤੋਂ ਛੁਡਵਾਇਆ ਗਿਆ। ਇਸ ਤੋਂ ਬਾਅਦ ਦੋਲੀਕੇ ਦੇ ਨੌਜਵਾਨਾਂ ਨੇ ਭੀਮਾ ਨੂੰ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਵਰਿਆਣਾ ਨੇੜੇ ਜੰਡੂ ਸਿੰਘਾ ਨੂੰ ਸੌਂਪ ਦਿੱਤਾ।