ਮਨੀਸ਼ ਸ਼ਰਮਾ, ਜਲੰਧਰ : ਨਾਂਦੇੜ ਸਾਹਿਬ 'ਚ ਡੇਢ ਮਹੀਨੇ ਤੋਂ ਫਸੇ 112 ਪੰਜਾਬੀ ਸ਼ਰਧਾਲੂਆਂ ਨੂੰ ਭੇਜਣ ਲਈ ਨਾਂਦੇੜ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਸਭ ਤੋਂ ਜ਼ਿਆਦਾ ਸ਼ਰਧਾਲੂ ਗੁਰਦਾਸਪੁਰ ਤੇ ਲੁਧਿਆਣਾ ਜ਼ਿਲ੍ਹੇ ਦੇ ਹਨ।

ਨਾਂਦੇੜ ਦੇ ਐੱਸਡੀਐੱਮ ਨੇ ਪੰਜਾਬ ਦੇ ਸਟੇਟ ਨੋਡਲ ਅਫਸਰ ਨੂੰ ਭੇਜੇ ਪੱਤਰ 'ਚ ਲਿਖਿਆ ਕਿ ਇਹ ਸ਼ਰਧਾਲੂ 45 ਦਿਨਾਂ ਤੋਂ ਨਾਂਦੇੜ 'ਚ ਫਸੇ ਹੋਏ ਹਨ। ਨਾਂਦੇੜ ਪ੍ਰਸ਼ਾਸਨ ਨੇ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਤੇ ਕੋਰੋਨਾ ਟੈਸਟ ਕਰ ਲਏ ਹਨ। ਸਾਰੇ ਸਿਹਤਮੰਦ ਹਨ। ਪੰਜਾਬ ਸਰਕਾਰ ਨੂੰ ਸਾਰੇ ਸ਼ਰਧਾਲੂਆਂ ਦੇ ਨਾਂ, ਮੋਬਾਈਲ ਨੰਬਰ ਤੇ ਘਰ ਦਾ ਪਤਾ ਵੀ ਭੇਜਿਆ ਗਿਆ ਹੈ।

ਪਹਿਲਾਂ ਵੀ ਪੰਜਾਬ ਸਰਕਾਰ ਨੇ ਬੱਸਾਂ ਭੇਜ ਕੇ ਸ੍ਰੀ ਨਾਂਦੇੜ ਸਾਹਿਬ ਤੋਂ ਸ਼ਰਧਾਲੂ ਵਾਪਸ ਲਿਆਂਦੇ ਸਨ ਪਰ ਸਾਵਧਾਨੀ ਨਾ ਵਰਤਣ ਨਾਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੱਧ ਗਈ ਸੀ। ਵਾਪਸੀ 'ਤੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਜਾਂ ਉਨ੍ਹਾਂ ਨੂੰ ਕੁਆਰੰਟਾਈਨ ਨਹੀਂ ਕੀਤਾ ਗਿਆ। ਸਾਧਾਰਨ ਮੈਡੀਕਲ ਜਾਂਚ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ। ਫਿਰ ਅਚਾਨਕ ਕਈ ਸ਼ਰਧਾਲੂ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਸਨ। ਇਸ ਤੋਂ ਬਾਅਦ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਸੀ। ਇਸ ਲਈ ਹੁਣ ਪੰਜਾਬ ਸਰਕਾਰ ਇਸ ਮਾਮਲੇ 'ਚ ਫੂਕ-ਫੂਕ ਕੇ ਕਦਮ ਰੱਖ ਰਹੀ ਹੈ। ਹਾਲਾਂਕਿ ਸ਼ਰਧਾਲੂਆਂ ਨੂੰ ਲਿਆਉਣ ਲਈ ਅਕਾਲੀ ਦਲ ਤੇ ਕਾਂਗਰਸ 'ਚ ਕ੍ਰੈਡਿਟ ਵਾਰ ਵੀ ਚੱਲੀ ਸੀ।