ਗੁਰਮੀਤ ਸਿੰਘ, ਜਲੰਧਰ : ਕਾਲਾ ਸੰਿਘਆਂ ਰੋਡ ਨਿੱਝਰ ਮਾਰਕੀਟ ਨੇੜੇ ਸੜਕ 'ਚ ਪਏ ਟੋਇਆਂ ਸਬੰਧੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਮੱਕੜ ਨੇ ਦੱਸਿਆ ਕਿ ਇਸ ਸੜਕ 'ਚ ਘਟੀਆ ਮਟੀਰੀਅਲ ਲੱਗਣ ਕਾਰਨ ਤਕਰੀਬਨ ਤਿੰਨ ਕਿਲੋਮੀਟਰ ਦੇ ਅੰਦਰ-ਅੰਦਰ ਸੜਕ 'ਚ ਟੋਏ ਪਏ ਹਨ। ਕਈ ਸਾਲਾਂ ਤੋਂ ਇਸ ਸੜਕ ਦਾ ਇਹ ਹੀ ਹਾਲ ਹੈ। ਮੱਕੜ ਨੇ ਕਿਹਾ ਕਿ ਜਦੋਂ ਸੜਕ ਬਾਰੇ ਨਗਰ ਨਿਗਮ ਨੂੰ ਜਾਣਕਾਰੀ ਦਿੰਦੇ ਹਾਂ ਤਾਂ ਉਹ ਮੁਲਜ਼ਮ ਭੇਜ ਕੇ ਟੋਇਆਂ 'ਚ ਮਿੱਟੀ ਪਾ ਦਿੰਦੇ ਹਨ ਪਰ ਜਦੋਂ ਮੀਂਹ ਪੈਂਦਾ ਹੈ ਤਾਂ ਪੂਰੇ ਹੋਏ ਟੋਇਆਂ 'ਚੋਂ ਮਿੱਟੀ ਨਿਕਲ ਜਾਂਦੀ ਹੈ। ਇਸ ਮੌਕੇ ਬਲਵੀਰ ਚੰਦ ਨੇ ਕਿਹਾ ਕਿ ਇਸੇ ਸੜਕ ਤੋਂ ਮੰਤਰੀ ਤੇ ਹੋਰ ਆਗੂ ਵੀ ਲੰਘਦੇ ਹਨ ਪਰ ਇਸ ਸੜਕ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸ ਬਾਰੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਦੱਸਿਆ ਪਰ ਡੇਢ ਸਾਲ ਬੀਤ ਗਿਆ ਪਰ ਮਸਲਾ ਹੱਲ ਨਹੀਂ ਹੋਇਆ। ਇਨ੍ਹਾਂ ਟੋਇਆਂ ਕਾਰਨ ਕਈ ਲੋਕਾਂ ਦੇ ਸੱਟਾਂ ਵੀ ਲੱਗ ਚੁੱਕੀਆਂ ਹਨ। ਬਰਸਾਤ ਦੌਰਾਨ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ। ਨਿੱਤ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਲੋਕਾਂ ਨੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸੜਕ ਨੂੰ ਛੇਤੀ ਤੋਂ ਛੇਤੀ ਠੀਕ ਕਰਵਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਇਸ ਮੌਕੇ ਪ੍ਰਧਾਨ ਬਲਵੀਰ ਚੰਦ, ਪ੍ਰਧਾਨ ਲੱਖਾ ਸਿੰਘ, ਤਰਸੇਮ ਲਾਲ ਮਹਾਜਨ, ਅਬਦੁਲ ਮਜੀਦ ਸ਼ਾਹ, ਕਾਲਾ, ਦੀਪੂ, ਪਲਵਿੰਦਰ ਸਿੰਘ, ਸਰਬਜੀਤ ਸਿੰਘ, ਸੁਲਤਾਨ, ਬਲਵਿੰਦਰ, ਸੱਤਪਾਲ, ਕਿਰਪਾਲ ਸਿੰਘ, ਜੀਤੀ ਭੁੱਲਰ, ਦਰਸ਼ਨ ਲਾਲ, ਸੁਰਿੰਦਰ ਕੁਮਾਰ ਬੱਤਰਾ, ਗੁਰਵਿੰਦਰ ਸਿੰਘ ਬਿੱਲਾ, ਗਰੋਵਰ, ਐੱਸਪੀ ਸੋਢੀ ਆਦਿ ਮੌਜੂਦ ਸਨ।