ਪੱਤਰ ਪ੍ਰਰੇਰਕ , ਲੋਹੀਆਂ ਖਾਸ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਲੋਹੀਆਂ ਖਾਸ ਦੇ ਹੜ੍ਹ ਮਾਰੇ ਖੇਤਰਾਂ ਦੇ ਲੋਕਾਂ ਦੇ ਹਾਲਾਤ ਜਾਣਨ ਤੇ ਉਨ੍ਹਾਂ ਦੇ ਮਾਲੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡ ਗਿਦੜਪਿੰਡੀ ਵਿਖੇ ਪੁੱਜੇ। ਪੁਲਿਸ ਦੇ ਸਖ਼ਤ ਪ੍ਰਬੰਧਾਂ ਤੇ ਰੋਕਾਂ ਦੇ ਬਾਵਜੂਦ ਲੋਕ ਉਨ੍ਹਾਂ ਦੇ ਨੇੜੇ ਪੁੱਜ ਗਏ ਤੇ ਆਪਣੀਆਂ ਦੁੱਖ ਤਕਲੀਫਾਂ ਦੱਸਣ ਲਗ ਪਏ ਪਰ ਕੈਪਟਨ ਨੇ ਦੋ ਮਿੰਟ ਹੀ ਉਨ੍ਹਾਂ ਦੀ ਗੱਲ ਸੁਣੀ ਤੇ ਆਪਣੀ ਕਾਰ ਵੱਲ ਵਧ ਗਏ। ਇਸ ਉਪਰੰਤ ਉਹ ਸਤਲੁਜ ਦਰਿਆ ਵਿਚ ਆਏ ਹੜ੍ਹ ਨੂੰ ਵੇਖਣ ਲਈ ਚਲੇ ਗਏ ਜਿਥੇ 2-3 ਘੰਟਿਆਂ ਤੋਂ ਪੁਲਿਸ ਨੇ ਵੱਲੋਂ ਟੋਲ ਬੈਰੀਅਰ 'ਤੇ ਟ੍ਰੈਫਿਕ ਰੋਕਿਆ ਹੋਇਆ ਸੀ। ਜਿਉਂ ਹੀ ਕੈਪਟਨ ਆਪਣੀ ਕਾਰ 'ਚੋਂ ਉੱਤਰ ਕੇ ਲੋਕਾਂ ਦੀ ਗੱਲ ਸੁਣਨ ਉਨ੍ਹਾਂ ਦੇ ਕੋਲ ਪੁੱਜੇ, 'ਜ਼ਿੰਦਾਬਾਦ-ਮੁਰਦਾਬਾਦ' ਦੇ ਨਾਅਰੇ ਲੱਗਣ ਲੱਗ ਪਏ ਤੇ ਉਥੋਂ ਵੀ ਕੈਪਟਨ ਉਸੇ ਪਲ ਕਾਰ ਵਿਚ ਬੈਠ ਕੇ ਚਲੇ ਗਏ। ਜ਼ਿਕਰਯੋਗ ਹੈ ਕਿ ਗਿਦੜਪਿੰਡੀ ਦੇ ਅੱਡੇ 'ਤੇ ਹਾਜ਼ਰ ਲੋਕਾਂ ਨੂੰ ਕੈਪਟਨ ਦੇ ਆਉਣ ਤੋਂ ਪਹਿਲਾਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਤੇ ਰਾਣਾ ਗੁਰਜੀਤ ਸਿੰਘ ਵਿਧਾਇਕ ਵੱਲੋਂ ਕੁਝ ਮਿੰਟਾਂ ਲਈ ਸ਼ਾਂਤ ਰਹਿਣ ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ ਪ੍ਰੰਤੂ ਲੋਕ ਸ਼ਾਂਤ ਨਾ ਰਹਿ ਸਕੇ ।