ਸੁਖਜੀਤ ਕੁਮਾਰ, ਕਿਸ਼ਨਗੜ੍ਹ

ਪੰਜਾਬ ਸਰਕਾਰ ਦੇ ਬਿਜਲੀ ਬੋਰਡ ਵਿਭਾਗ ਵੱਲੋਂ ਪਿੰਡਾ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾਂਦੇ ਹਨ ਕਿ ਹਰ ਪਿੰਡ |ਚ 24 ਘੰਟੇ ਨਿਰਵਿਘਨ ਸਪਲਾਈ ਅਤੇ ਕਿਸਾਨਾਂ ਨੂੰ ਝੋਨੇ ਲਈ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ ਪਰ ਬਿਜਲੀ ਵਿਭਾਗ ਦੇ ਇਨਾਂ ਵਾਅਦਿਆਂ ਦੀ ਉਸ ਸਮੇਂ ਫੂਕ ਨਿਕਲੀ ਜਦ ਬਿਜਲੀ ਵਿਭਾਗ ਅਲਾਵਲਪੁਰ ਸਬ ਡਵੀਜਨ ਅਧੀਨ ਆਉਂਦੇ ਪਿੰਡ ਗੋਪਾਲਪੁਰ ਸੰਘਵਾਲ, ਕਰਾੜੀ , ਦਾਸੂਪੁਰ ਅਤੇ ਬਿਆਸ ਪਿੰਡ ਆਦਿ ਪਿੰਡਾਂ ਦੀਆਂ ਸਮੂਹ ਪਤਵੰਤੇ ਵਿਅਕਤੀਆਂ ਨੇ ਦੱਸਿਆ ਕਿ ਜਿੱਥੇ ਪਿਛਲੇ ਪੰਜ ਦਿਨਾਂ ਤੋਂ ਮੋਟਰਾਂ ਲਈ ਬਿਜਲੀ ਸਪਲਾਈ ਨਾ ਦੇਣ 'ਤੇ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ, ਉੱਥੇ ਹੀ ਇਨ੍ਹਾਂ ਪਿੰਡਾਂ ਵਿੱਚ ਪਾਵਰਕਾਮ ਦੀ ਸਬ ਡਿਵੀਜ਼ਨ ਅਲਾਵਲਪੁਰ ਦਫਤਰ ਵੱਲੋਂ ਬਿਜਲੀ ਦੀ 24 ਘੰਟੇ ਸਪਲਾਈ ਦੇ ਅਣਮਿੱਥੇ ਸਮੇਂ ਅਣ-ਐਲਾਨੇ ਕੱਟ ਲਗਾਏ ਜਾ ਰਹੇ ਹਨ ਜਿਸ ਕਾਰਨ ਲੋਕਾਂ ਦਾ ਜਿਊਣਾ ਬੇਹਾਲ ਹੋ ਗਿਆ ਹੈ।

ਇਨ੍ਹਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਅਲਾਵਲਪੁਰ ਸਬ ਡਵੀਜ਼ਨ ਦੇ ਜੇ ਈ ਸ਼ਾਮ ਸਿੰਘ ਵੱਲੋਂ ਪਿੰਡਾਂ ਦੇ ਅਨੇਕਾਂ ਲੋਕਾਂ ਨਾਲ ਸ਼ਰੇਆਮ ਪੱਖਪਾਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਉਕਤ ਕਰਮਚਾਰੀ ਵੱਲੋਂ ਆਪਣੇ ਪਿੰਡ ਗੋਪਾਲਪੁਰ 'ਚ ਆਪਣੀ ਤੇ ਆਪਣੇ ਚਹੇਤਿਆਂ ਦੀਆਂ ਮੋਟਰਾਂ ਚਲਾਈਆਂ ਜਾ ਰਹੀਆਂ ਹਨ ਅਤੇ ਬਾਕੀ ਸਾਰੇ ਪਿੰਡ ਦੀਆਂ ਮੋਟਰਾਂ ਪਿਛਲੇ ਪੰਜ ਦਿਨਾਂ ਤੋਂ ਬੰਦ ਪਈਆਂ ਹਨ। ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਕਰਮਚਾਰੀ ਨੂੰ ਵਾਰ-ਵਾਰ ਫੋਨ ਕਰਨ 'ਤੇ ਵੀ ਜਾਣ-ਬੁੱਝ ਕੇ ਫੋਨ ਨਹੀਂ ਉਠਾਉਂਦਾ। ਉਨ੍ਹਾਂ ਕਿਹਾ ਕਿ ਉਕਤ ਮਾਮਲੇ 'ਚ ਇਲਾਕੇ ਦੇ ਲੋਕਾਂ ਨੇ ਬਿਜਲੀ ਬੋਰਡ ਜਲੰਧਰ ਡਵੀਜ਼ਨ ਦੇ ਐਕਸੀਅਨ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵੀ ਪਿਛਲੇ ਦਿਨੀਂ ਆਏ ਭਾਰੀ ਝੱਖੜ ਕਾਰਨ ਬਿਜਲੀ ਦੇ ਖੰਭੇ ਟੁੱਟ ਗਏ ਜਿਸ ਕਾਰਨ ਇਲਾਕੇ ਦੇ ਪਿੰਡਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ ਜਿਸ ਨੂੰ ਮਹਿਕਮੇ ਦੇ ਕਰਮਚਾਰੀ ਜੰਗੀ ਪੱਧਰ 'ਤੇ ਸੁਚਾਰੂ ਢੰਗ ਨਾਲ ਚਾਲੂ ਕਰਨ ਲਈ ਲੱਗੇ ਹੋਏ।

ਇਸ ਮੌਕੇ ਸਰਪੰਚ ਜਸਪਾਲ ਸਿੰਘ ਗੋਪਾਲਪੁਰ, ਸਾਬਕਾ ਸਰਪੰਚ ਮਲਕੀਤ ਸਿੰਘ , ਸਰਪੰਚ ਭਾਗ ਰਾਮ ਸੰਘਵਾਲ, ਸਾਬਕਾ ਸਰਪੰਚ ਅੱਛਰ ਰਾਮ ਕਰਾੜੀ , ਨੰਬਰਦਾਰ ਹਰਜੀਤ ਸਿੰਘ ,ਮਲਹਾਰ ਸਿੰਘ ,ਜੋਗਾ ਸਿੰਘ, ਤਰਿੰਦਰ ਸਿੰਘ ਨਨੀ, ਰਣਦੀਪ ਸਿੰਘ, ਕੁਲਵਿੰਦਰ ਸਿੰਘ ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਬਿਆਸ ਪਿੰਡ ਤੋਂ ਇਲਾਵਾ ਹੋਰ ਵੀ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ। ਇਸ ਸਬੰਧੀ ਜਦ ਸਬੰਧਤ ਇਲਾਕੇ ਦੇ ਜੇ ਈ ਸ਼ਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ 'ਤੇ ਜੋ ਦੋਸ਼ ਲਗਾਏ ਗਏ ਹਨ, ਉਹ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਵਿਭਾਗ ਵੱਲੋਂ ਅੱਠ ਫੀਡਰ ਦਿੱਤੇ ਗਏ ਹਨ ਅਤੇ ਸਟਾਫ ਦੀ ਘਾਟ ਕਾਰਨ ਮੈਂ ਹੌਲੀ ਹੌਲੀ ਬਿਜਲੀ ਸਪਲਾਈ ਚਾਲੂ ਕਰ ਰਿਹਾ ਹੈ ਮੈਂ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰ ਰਿਹਾ।