ਜੇਐੱਨਐੱਨ, ਜਲੰਧਰ : ਕੋਰੋਨਾ ਤੋਂ ਬਚਾਅ ਨੂੰ ਲੈ ਕੇ ਲੋਕਾਂ 'ਚ ਵੈਕਸੀਨ ਲਗਾਉਣ ਦਾ ਰੁਝਾਅ ਮੁੜ ਵਧਣ ਲੱਗਾ ਹੈ। ਵੀਰਵਾਰ ਨੂੰ ਜ਼ਿਲ੍ਹੇ 141 ਸਰਕਾਰੀ ਤੇ ਗ਼ੈਰ ਸਰਕਾਰੀ ਸੈਂਟਰਾਂ 'ਚ 8784 ਲੋਕਾਂ ਨੂੰ ਵੈਕਸੀਨ ਦੀ ਡੋਜ਼ ਲੱਗੀ। ਸ਼ੁੱਕਰਵਾਰ ਨੂੰ ਵੀ ਵੈਕਸੀਨ ਲੱਗਣ ਦਾ ਸਿਲਸਿਲਾ ਜਾਰੀ ਰਹੇਗਾ। ਹਾਲਾਂਕਿ ਨੈਸ਼ਨਲ ਹੈਲਥ ਮਿਸ਼ਨ ਦੇ ਬੈਨਰ ਹੇਠ ਤਾਇਨਾਤ ਮੁਲਾਜ਼ਮਾਂ ਦੀ ਹੜਤਾਲ ਵੈਕਸੀਨ ਲਾਉਣ ਦੀ ਰਾਹ 'ਚ ਅੜਿੱਕਾ ਬਣ ਰਹੀ ਹੈ।

ਕੋਰੋਨਾ ਤੋਂ ਬਚਾਅ ਨੂੰ ਲੈ ਕੇ ਵੈਕਸੀਨ ਲਗਵਾਉਣ ਲਈ ਲੋਕਾਂ 'ਚ ਰੁਝਾਨ ਵਧਣ ਨਾਲ ਅੰਕੜਿਆਂ 'ਚ ਉਛਾਲ ਦਰਜ ਹੋਣ ਲੱਗਾ ਹੈ। ਸ਼ਹਿਰ ਦੇ ਸੈਂਟਰਾਂ 'ਚ ਵੈਕਸੀਨ ਲਗਵਾਉਣ ਵਾਲਿਆਂ ਦੀ ਭੀੜ ਲੱਗੀ ਹੈ ਤੇ ਦਿਹਾਤ 'ਚ ਸਟਾਫ ਦੀ ਕਿੱਲਤ ਦੀ ਵਜ੍ਹਾ ਨਾਲ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ ਦੇ ਨਰਸਿੰਗ ਸਕੂਲ 'ਚ ਬਣੇ ਸੈਂਟਰ 'ਚ ਵੈਕਸੀਨ ਲਗਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਉਥੇ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਦੇ ਘਰਾਂ ਤਕ ਪੁੱਜਣ ਲੱਗੀਆਂ ਹਨ ਤੇ ਉਨ੍ਹਾਂ ਨੂੰ ਵੈਕਸੀਨ ਦੀ ਡੋਜ਼ ਲਾ ਰਹੀਆਂ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਵਿਭਾਗ ਦੇ ਸਟਾਕ 'ਚ 1.10 ਲੱਖ ਦੇ ਕਰੀਬ ਡੋਜ਼ ਪਈ ਹੈ। ਸ਼ੁੱਕਰਵਾਰ ਨੂੰ ਵੀ 150 ਦੇ ਕਰੀਬ ਸਰਕਾਰੀ ਤੇ ਗ਼ੈਰ-ਸਰਕਾਰੀ ਸੈਂਟਰਾਂ 'ਚ ਵੈਕਸੀਨ ਦੀ ਡੋਜ਼ ਲੱਗੇਗੀ। ਜ਼ਿਲ੍ਹੇ 'ਚ 22,55,757 ਡੋਜ਼ ਲੱਗੀ ਚੁੱਕੀ ਹੈ। ਇਨ੍ਹਾਂ 'ਚ 14,64,926 ਪਹਿਲੀ ਤੇ 7,94,832 ਦੂਜੀ ਡੋਜ਼ ਵਾਲੇ ਸ਼ਾਮਲ ਹਨ।

--

ਦੋ ਅੌਰਤਾਂ ਸਮੇਤ ਪੰਜ ਕੋਰੋਨਾ ਦੀ ਲਪੇਟ 'ਚ

ਜਲੰਧਰ : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਉਤਰਾਅ-ਚੜ੍ਹਾਅ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਨੂੰ ਜ਼ਿਲ੍ਹੇ 'ਚ ਦੋ ਅੌਰਤਾਂ ਸਮੇਤ ਪੰਜ ਲੋਕ ਕੋਰੋਨਾ ਦੀ ਲਪੇਟ 'ਚ ਆਏ। ਕੋਰੋਨਾ ਦੀ ਲਪੇਟ 'ਚ ਆਉਣ ਵਾਲਿਆਂ 'ਚ ਦੋ ਬਜ਼ੁਰਗ ਤੇ ਤਿੰਨ ਨੌਜਵਾਨ ਸ਼ਾਮਲ ਹਨ। ਤਿੰਨ ਮਰੀਜ਼ ਮਿਲਟਰੀ ਹਸਪਤਾਲ ਤੇ ਸ਼ੰਕਰ ਤੇ ਆਦਰਸ਼ ਨਗਰ ਇਲਾਕੇ ਨਾਲ ਸਬੰਧਤ ਹਨ। ਕੋਰੋਨਾ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ ਤੇ ਦੋ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਪੁੱਜੇ। ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 63,475 ਤੇ ਮਰਨ ਵਾਲਿਆਂ ਦੀ 1497 ਤਕ ਪੁੱਜ ਗਈ ਹੈ।