ਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਵੱਲੋਂ ਆਨਲਾਈਨ ਨਕਸ਼ੇ ਨਾ ਲੈਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ 31 ਦਸੰਬਰ ਤੋਂ ਨਿਗਮ 'ਚ ਨਕਸ਼ੇ ਜਮ੍ਹਾਂ ਕਰਨ 'ਤੇ ਲੱਗੀ ਪਾਬੰਦੀ ਮਗਰੋਂ 10 ਜਨਵਰੀ ਤਕ ਕੋਈ ਵੀ ਨਕਸ਼ਾ ਆਨਲਾਈਨ ਪਾਸ ਹੋਣ ਲਈ ਨਹੀਂ ਆਇਆ ਅਤੇ ਜੇ ਇਕ ਨਕਸ਼ਾ ਆਇਆ ਤਾਂ ਉਹ ਗਲਤ ਤਰੀਕੇ ਨਾਲ ਆਇਆ ਜਿਸ ਕਾਰਨ ਉਸ ਨੂੰ ਸਵੀਕਾਰ ਹੀ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਆਨਲਾਈਨ ਨਕਸ਼ੇ ਲੈਣ ਅਤੇ 31 ਦਸੰਬਰ ਤੋਂ ਨਕਸ਼ੇ ਜਮ੍ਹਾਂ ਕਰਨ 'ਤੇ ਲੱਗੀ ਪਾਬੰਦੀ ਦੇ ਬਾਅਦ ਜਲੰਧਰ ਨਗਰ ਨਿਗਮ ਨੂੰ ਅਜੇ ਤਕ ਇਕ ਵੀ ਨਕਸ਼ਾ ਆਨਲਾਈਨ ਪ੫ਾਪਤ ਨਹੀਂ ਹੋਇਆ ਤੇ ਨਿਗਮ ਦੀ ਵੈੱਬਸਾਈਟ ਨਾ ਖੁੱਲ੍ਹਣ ਕਾਰਨ ਲੋਕਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਜਦਕਿ ਪੰਜਾਬ ਦੀਆਂ ਬਾਕੀ ਨਗਰ ਨਿਗਮਾਂ ਤੇ ਨਗਰ ਪਾਲਕਾਵਾਂ 'ਚ ਆਨਲਾਈਨ ਨਕਸ਼ੇ ਲੈਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਅਨੇਕਾਂ ਲੋਕਾਂ ਦੇ ਨਕਸ਼ੇ ਪਾਸ ਹੋ ਚੁੱਕੇ ਹਨ। 31 ਦਸੰਬਰ ਤੋਂ ਪਹਿਲਾਂ ਨਗਰ ਨਿਗਮ ਕੋਲ ਰੋਜ਼ਾਨਾ 8 ਤੋਂ 10 ਨਕਸੇ ਪਾਸ ਹੋਣ ਲਈ ਜਮ੍ਹਾਂ ਹੁੰਦੇ ਸਨ ਤੇ ਰੈਵੀਨਿਊ ਵੀ ਆਉਂਦਾ ਸੀ, 10 ਜਨਵਰੀ ਤਕ ਇਕ ਨਕਸ਼ਾ ਵੀ ਨਹੀਂ ਆਇਆ।

ਮਹੀਨੇ 'ਚ 60 ਤੋਂ 70 ਨਕਸ਼ੇ ਹੁੰਦੇ ਸਨ ਜਮ੍ਹਾਂ : ਐੱਮਟੀਪੀ

ਇਸ ਦੌਰਾਨ ਨਗਰ ਨਿਗਮ ਦੇ ਐੱਮਟੀਪੀ ਲਖਵੀਰ ਸਿੰਘ ਨੇ ਵੀ ਸਵੀਕਾਰ ਕੀਤਾ ਹੈ ਕਿ 31 ਦਸੰਬਰ ਤੋਂ ਹੱਥੀਂ ਨਕਸ਼ੇ ਲੈ ਕੇ ਜਮ੍ਹਾਂ ਕਰਨ ਦੀ ਲੱਗੀ ਪਾਬੰਦੀ ਮਗਰੋਂ 10 ਜਨਵਰੀ ਤਕ ਕੇਵਲ ਇਕ ਹੀ ਆਨਲਾਈਨ ਨਕਸ਼ਾ ਆਇਆ ਹੈ। 31 ਦਸੰਬਰ ਤੋਂ ਪਹਿਲਾਂ ਮਹੀਨੇ 'ਚ 60 ਤੋਂ 70 ਲੋਕ ਹੱਥੀ ਨਕਸ਼ੇ ਲਿਆ ਕੇ ਨਗਰ ਵਿਖੇ ਜਮ੍ਹਾਂ ਕਰਵਾਉਂਦੇ ਸਨ ਜਿਸ ਤੋਂ ਸਪੱਸ਼ਟ ਹੈ ਕਿ ਬਿਲਡਿੰਗ ਬ੍ਰਾਂਚ ਨੂੰ ਹੱਥੀ ਨਕਸ਼ੇ ਲੈਣ 'ਤੇ ਲੱਗੀ ਪਾਬੰਦੀ ਦੇ ਬਾਅਦ ਨਕਸ਼ੇ ਜਮ੍ਹਾਂ ਕਰਵਾਉਣ ਤੋਂ ਮਿਲਣ ਵਾਲੇ ਰੈਵੀਨਿਊ ਦਾ ਨੁਕਸਾਨ ਹੋਇਆ ਹੈ ਜਦਕਿ ਸ਼ਹਿਰ 'ਚ ਸੈਂਕੜਿਆਂ ਦੀ ਗਿਣਤੀ 'ਚ ਉਸਾਰੀਆਂ ਦਾ ਕੰਮ ਜਾਰੀ ਹੈ।