ਜਤਿੰਦਰ ਪੰਮੀ, ਜਲੰਧਰ

ਅੱਜ ਸੁਪਰੀਮ ਕੋਰਟ ਵੱਲੋਂ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਬਾਰੇ ਸੁਣਾਏ ਗਏ ਫ਼ੈਸਲੇ ਅਤੇ ਮਸਜਿਦ ਲਈ ਵੱਖਰੇ ਤੌਰ 'ਤੇ 5 ਏਕੜ ਜ਼ਮੀਨ ਦੇਣ ਲਈ ਸਰਕਾਰ ਨੂੰ ਦਿੱਤੇ ਗਏ ਆਦੇਸ਼ 'ਤੇ ਖੁਸ਼ੀ ਜ਼ਾਹਰ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਉੱਚਤਮ ਅਦਾਲਤ ਦਾ ਇਹ ਫ਼ੈਸਲਾ ਦੋਵਾਂ ਫਿਰਕਿਆਂ ਦੀ ਸਦਭਾਵਨਾ ਦੀ ਜਿੱਤ ਹੈ। ਇਸ ਨਾਲ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ 'ਚ ਆਪਸੀ ਸਦਭਾਵਨਾ ਹੋਰ ਵਧੇਗੀ। ਜ਼ਿਲ੍ਹਾ ਭਾਜਪਾ ਦੇ ਸਾਬਕਾ ਪ੍ਰਧਾਨ ਰਮੇਸ਼ ਸ਼ਰਮਾ ਨੇ ਦੱਸਿਆ ਕਿ ਦੋਵਾਂ ਭਾਈਚਾਰਿਆਂ ਦੇ ਆਗੂਆਂ ਨੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨੂੰ 'ਨਾ ਤੇਰੀ ਜਿੱਤ ਨਾ ਮੇਰੀ ਹਾਰ, ਨਾ ਮੇਰੀ ਹਾਰ ਨਾ ਤੇਰੀ ਜਿੱਤ' ਦਾ ਪ੍ਰਤੀਕ ਦੱਸਦਿਆਂ ਸਹੀ ਠਹਿਰਾਇਆ ਅਤੇ ਇਕ-ਦੂਜੇ ਦਾ ਮੰੂਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਨਾਲ ਦੋਵਾਂ ਫਿਰਕਿਆਂ 'ਚ ਆਪਸੀ ਸਦਭਾਵਨਾ ਵਧੇਗੀ ਅਤੇ ਸਾਰੇ ਇਕੱਠੇ ਮਿਲ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਸੀਮ ਰਾਜਾ ਗੁੱਡੂ, ਮੌਲਵੀ ਜ਼ਾਕਿਰ ਹੁਸੈਨ, ਅਜੇ ਜੋਸ਼ੀ, ਵਿਪਨ ਆਨੰਦ, ਰਮੇਸ਼ ਜੈਨ ਆਦਿ ਹਾਜ਼ਰ ਸਨ।

ਇਸੇ ਦੌਰਾਨ ਸੁਪਰੀਮ ਕੋਰਟ ਵੱਲੋਂ ਅਯੁੱਧਿਆ 'ਚ ਰਾਮ ਮੰਦਰ ਸਥਾਪਤ ਕਰਨ ਦੀ ਹੱਕ 'ਚ ਦਿੱਤੇ ਗਏ ਫ਼ੈਸਲੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਸ਼ਿਵ ਸੈਨਾ ਹਿੰਦ ਦੇ ਦੋਆਬਾ ਰਿਜਨ ਦੇ ਪ੍ਰਧਾਨ ਮੁਨੀਸ਼ ਬਾਹਰੀ, ਸੁਭਾਸ਼ ਮਹਾਜਨ, ਰਾਜੀਵ ਵਾਲੀਆ, ਰਜਤ ਮਹਿੰਦਰੂ ਵੱਲੋਂ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜ ਕੇ ਮੰੂਹ ਮਿੱਠਾ ਕਰਵਾਇਆ। ਉਕਤ ਆਗੂਆਂ ਨੇ ਅਦਾਲਤ ਦੇ ਫ਼ੈਸਲੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਵਧਾਈਆਂ ਦਿੱਤੀਆਂ। ਮਨੋਰੰਜਨ ਕਾਲੀਆ ਨੇ ਕਿਹਾ ਕਿ ਭਾਵੇਂ ਇਹ ਫ਼ੈਸਲਾ ਕਾਫੀ ਸਮੇਂ ਬਾਅਦ ਆਇਆ ਹੈ ਪਰ ਇਹ ਬਹੁਤ ਹੀ ਸਹੀ ਫ਼ੈਸਲਾ ਹੈ।

ਫ਼ੈਸਲੇ ਦੇ ਮੱਦੇਨਜ਼ਰ ਪੁਲਿਸ ਫੋਰਸ ਰਹੀ ਤਾਇਨਾਤ

ਸੁਪਰੀਮ ਕੋਰਟ ਵੱਲੋਂ ਅੱਜ ਰਾਮ ਮੰਦਰ ਬਨਾਮ ਬਾਬਰੀ ਮਸਜਿਦ ਕੇਸ ਦੇ ਸੁਣਾਏ ਜਾਣ ਵਾਲੇ ਫ਼ੈਸਲੇ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੀਆਂ ਅਹਿਮ ਤੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਵੱਡੀ ਗਿਣਤੀ ਵਿਚ ਦੰਗਾ ਵਿਰੋਧੀ ਦਸਤੇ ਤਾਇਨਾਤ ਕੀਤੇ ਗਏ ਸਨ ਤਾਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਏਸੀਪੀ ਬਿਮਲ ਕਾਂਤ ਅਤੇ ਥਾਣਾ ਚਾਰ ਦੇ ਐੱਸਐੱਚਓ ਕਮਲਜੀਤ ਸਿੰਘ ਕਰ ਰਹੇ ਸਨ।

ਸੁਪਰੀਮ ਕੋਰਟ ਦੇ ਇਸ ਇਤਿਹਾਸਕ ਫ਼ੈਸਲੇ 'ਤੇ ਸੂਬਾ ਮਹਾ ਮੰਤਰੀ ਰਾਕੇਸ਼ ਰਾਠੌਰ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਦੇਸ਼ ਦੀ ਜਨ ਭਾਵਨਾ ਤੇ ਆਸਥਾ ਨੂੰ ਨਿਆਂ ਦੇਣ ਵਾਲੇ ਫ਼ੈਸਲੇ ਦਾ ਸਾਰੀਆਂ ਧਿਰਾਂ ਨੇ ਸਵਾਗਤ ਕੀਤਾ ਹੈ ਅਤੇ ਇਸ ਨਾਲ ਅੱਜ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਹੁਣ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦਾ ਬਨਵਾਸ ਖਤਮ ਹੋਇਆ ਹੈ ਅਤੇ ਅਯੁੱਧਿਆ 'ਚ ਬਹੁਤ ਵਿਸ਼ਾਲ ਮੰਦਰ ਬਣੇਗਾ। ਰਾਠੌਰ ਨੇ ਕਿਹਾ ਕਿ ਇਸ ਦੇ ਲਈ ਲੱਖਾਂ ਹਿੰਦੂਆਂ ਨੇ ਆਪਣੇ ਜੀਵਨ, ਕਰੀਅਰ ਅਤੇ ਪਰਿਵਾਰਾਂ ਦਾ ਬਲੀਦਾਨ ਕੀਤਾ।