ਗਿਆਨ ਸੈਦਪੁਰੀ, ਸ਼ਾਹਕੋਟ : ਖੇਤਾਂ 'ਚ ਪਰਾਲੀ ਸਾੜਨ ਦੇ ਮਾਮਲੇ 'ਚ ਅਦਾਲਤ ਦੀ ਸਖਤੀ ਦਾ ਬੁੱਧਵਾਰ ਕਿਧਰੇ ਵੀ ਅਸਰ ਨਜ਼ਰ ਨਹੀਂ ਆਇਆ। ਸ਼ਾਹਕੋਟ ਸਬ-ਡਵੀਜ਼ਨ 'ਚ ਖੇਤਾਂ ਵਿਚ ਪਰਾਲੀ ਸਾੜਨ ਦਾ ਸਿਲਸਲਾ ਜਾਰੀ ਰਿਹਾ। ਇਸੇ ਦੌਰਾਨ ਪੂਰਾ ਦਿਨ ਅਸਮਾਨ 'ਚ ਗ਼ਰਦ-ਗ਼ੁਬਾਰ ਛਾਇਆ ਰਿਹਾ। ਸੂਰਜ ਲੁਕਣਮੀਚੀ ਖੇਡਦਾ ਰਿਹਾ। ਪਰਾਲੀ ਦੇ ਧੂੰਏਂ ਨਾਲ ਸੜਕਾਂ 'ਤੇ ਵਾਪਰ ਰਹੇ ਹਾਦਸਿਆਂ ਦੇ ਬਾਵਜੂਦ ਪਰਾਲੀ ਸਾੜਨ ਵਾਲਿਆਂ ਦੇ ਦਿਲ ਪਸੀਜੇ ਨਹੀਂ। ਕਈ ਥਾਈਂ ਸੜਕਾਂ ਦੇ ਨਾਲ ਲੱਗਦੇ ਖੇਤਾਂ 'ਚ ਪਰਾਲੀ ਸੜਦੀ ਰਹੀ। ਧੂੰਏ ਦੇ ਅਸਰ ਨਾਲ ਅੱਖਾਂ 'ਚ ਜਲਣ ਹੁੰਦੀ ਰਹੀ। ਲੋਕ ਅੱਖਾਂ ਮਲਦੇ ਰਹੇ। ਇਸ ਸਬੰਧੀ ਐੱਸਡੀਐੱਮ ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ 11 ਕਿਸਾਨਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਜਿੱਥੇ ਕਿਤੇ ਪਰਾਲੀ ਸਾੜਨ ਦੀ ਜਾਣਕਾਰੀ ਮਿਲਦੀ ਹੈ ਤਾਂ ਪ੍ਰਸ਼ਾਸਨ ਤੁਰੰਤ ਹਰਕਤ 'ਚ ਆ ਜਾਂਦਾ ਹੈ। ਬੀਤੇ ਕੱਲ੍ਹ ਪਰਾਲੀ ਸਾੜਨ ਵਾਲਿਆਂ ਵਿਰੁੱਧ 4 ਐੱਫਆਈਆਰਜ਼ ਵੀ ਦਰਜ ਕੀਤੀਆਂ ਗਈਆਂ ਹਨ। ਪਰਾਲੀ ਸਾੜਨ ਵਾਲਿਆਂ ਵਿਰੁੱਧ ਕੀਤੀ ਕਾਰਵਾਈ ਦੀ ਹੋਰ ਜਾਣਕਾਰੀ ਲੈਣ ਲਈ ਨਾਇਬ ਤਹਿਸੀਲਦਾਰ ਸ਼ਾਹਕੋਟ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਮੋਬਾਈਲ ਬੰਦ ਸੀ।