ਗਾਂਧੀ/ਮੱਕੜ, ਜਲੰਧਰ/ਗੁਰਾਇਆ : ਸਬ- ਤਹਿਸੀਲ ਗੁਰਾਇਆ ਦੇ ਇਕ ਪਟਵਾਰੀ ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਗੁਰਾਇਆ ਦੇ ਨੇੜਲੇ ਪਿੰਡ ਡੱਲੇਵਾਲ ਦੇ ਰਹਿਣ ਵਾਲੇ ਬਜ਼ੁਰਗ ਚਰਨਜੀਤ ਸਿੰਘ ਨੇ ਰਿਸ਼ਵਤ ਮੰਗ ਰਹੇ ਪਟਵਾਰੀ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਜਲੰਧਰ ਨੂੰ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਸਬ ਤਹਿਸੀਲ ਗੁਰਾਇਆ 'ਚ ਰੇਡ ਕਰਕੇ ਗੁਰਾਇਆ, ਸੰਗ ਢੇਸੀਆ, ਅੱਟਾ ਤੇ ਬੋਪਾਰਾਏ ਸਰਕਲ ਦੇ ਪਟਵਾਰੀ ਨੂੰ ਦਸ ਹਜਾਰ ਰੁਪਏ ਦੀ ਰਿਸ਼ਵਤ ਦੇ ਨਾਲ ਰੰਗੇ ਹੱਥੀਂ ਕਾਬੂ ਕੀਤਾ।

ਵਿਜੀਲੈਂਸ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਚਰਨਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦਾ ਵਿਰਾਸਤ ਇੰਤਕਾਲ ਦਾ ਕੰਮ ਸੀ, ਜੋ ਵੱਖ-ਵੱਖ ਪਿੰਡਾਂ ਦਾ ਸੀ। ਇਸ ਦੇ ਲਈ ਇਕ ਵਿਰਾਸਤ ਦਾ ਇੰਤਕਾਲ ਕਰਨ ਦੇ 10,000 ਰੁਪਏ ਉਨ੍ਹਾਂ ਨੇ ਦੇ ਦਿੱਤੇ ਸਨ, ਜੋ ਇਸ ਨੇ ਕਰ ਦਿੱਤਾ ਸੀ। ਇਸ ਦੇ ਬਾਅਦ ਦੂਜੇ ਲਈ 10,000 ਰੁਪਏ ਦੀ ਹੋਰ ਮੰਗ ਕੀਤੀ ਗਈ। ਚਰਨਜੀਤ ਸਿੰਘ ਨੇ ਕਿਹਾ ਕਿ ਉਹ ਦਿਹਾੜੀਦਾਰ ਹੈ, ਜੋ ਇੰਨੇ ਪੈਸੇ ਨਹੀਂ ਦੇ ਸਕਦਾ ਪਰ ਉਸ ਨੇ ਕੰਮ ਨਹੀਂ ਕੀਤਾ, ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ, ਜਿਨ੍ਹਾਂ ਨੇ ਅੱਜ ਰੰਗੇ ਹੱਥੀ ਉਕਤ ਪਟਵਾਰੀ ਨੂੰ ਕਾਬੂ ਕਰ ਲਿਆ। ਜਿਸ ਨੂੰ ਗਿ੍ਫਤਾਰ ਕਰਕੇ ਟੀਮ ਆਪਣੇ ਨਾਲ ਲੈ ਗਈ।