ਕ੍ਰਾਈਮ ਰਿਪੋਰਟਰ, ਜਲੰਧਰ: ਵਿਜੀਲੈਂਸ ਬਿਊਰੋ ਦੀ ਟੀਮ ਨੇ ਮਾਲ ਹਲਕਾ ਕੂਹਪੁਰ ਦੇ ਪਟਵਾਰੀ ਨਰਿੰਦਰ ਸਿੰਘ ਨੂੰ ਜ਼ਮੀਨ ਦਾ ਇੰਤਕਾਲ ਮਨਜ਼ੂਰ ਕਰਵਾਉਣ ਦੇ ਨਾਂ 'ਤੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਟੀਮ ਨੇ ਮੌਕੇ 'ਤੇ ਹੀ ਪਟਵਾਰੀ ਕੋਲੋਂ ਰੰਗ ਲੱਗੇ ਨੋਟ ਵੀ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਡੀਐੱਸ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਖਜੀਤ ਸਿੰਘ ਵਾਸੀ ਪਿੰਡ ਡਰੋਲੀ ਖੁਰਦ ਨੇ ਸ਼ਿਕਾਇਤ ਕੀਤੀ ਸੀ ਕਿ 2014 'ਚ ਉਸ ਨੇ ਸਾਢੇ ਸੱਤ ਮਰਲੇ ਜ਼ਮੀਨ ਸੁਰਜੀਤ ਕੌਰ ਮਿਨਹਾਸ ਹਾਲ ਵਾਸੀ ਕੈਨੇਡਾ ਕੋਲੋਂ ਖਰੀਦੀ ਸੀ, ਜਿਸ ਦਾ ਇੰਤਕਾਲ ਵੀ ਮਨਜ਼ੂਰ ਹੋ ਚੁੱਕਿਆ ਹੈ।

ਜ਼ਮੀਨ ਖਰੀਦਣ ਤੋਂ ਬਾਅਦ ਜਦ ਉਹ ਜ਼ਮੀਨ 'ਚ ਬੋਰ ਕਰਨ ਲੱਗਾ ਤਾਂ ਮਨਜੀਤ ਕੌਰ ਵਾਸੀ ਡਰੋਲੀ ਖੁਰਦ ਨੇ ਉਸ ਨੂੰ ਬੋਰ ਕਰਨ ਤੋਂ ਰੋਕ ਦਿੱਤਾ ਤੇ ਉਸ ਖ਼ਿਲਾਫ਼ ਅਦਾਲਤ 'ਚ ਕੇਸ ਕਰ ਦਿੱਤਾ ਜੋ ਕਿ ਸੁਖਜੀਤ ਸਿੰਘ ਦੇ ਹੱਕ 'ਚ ਹੋਇਆ। ਫੈਸਲੇ ਦੀ ਕਾਪੀ ਲੈ ਕੇ ਜਦ ਉਹ ਪਟਵਾਰੀ ਨਰਿੰਦਰ ਸਿੰਘ ਕੋਲ ਪਹੁੰਚਿਆ ਤੇ ਉਸ ਦਾ ਇੰਤਕਾਲ ਮਨਜੂਰ ਕਰਨ ਲਈ ਕਿਹਾ ਤਾਂ ਉਸ ਨੇ ਇਸ ਕੰਮ ਲਈ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਤੇ ਪੰਜ ਹਜ਼ਾਰ ਰੁਪਏ ਉਸੇ ਵੇਲੇ ਉਸ ਕੋਲੋਂ ਲੈ ਲਏ ਤੇ ਬਾਕੀ ਰੁਪਏ 7 ਜੁਲਾਈ ਨੂੰ ਦੇਣ ਲਈ ਕਿਹਾ।

ਸੁਖਜੀਤ ਸਿੰਘ ਦੀ ਸ਼ਿਕਾਇਤ 'ਤੇ ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਦੇ ਡੀਐੱਸਪੀ ਅਸ਼ਵਨੀ ਕੁਮਾਰ, ਸਬ ਇੰਸਪੈਕਟਰ ਸੁਰਿੰਦਰ ਸਿੰਘ, ਏਐੱਸਆਈ ਹਰੀਸ਼ ਕੁਮਾਰ ਤੇ ਹੋਰ ਟੀਮ ਨਾਲ ਸਰਕਾਰੀ ਗੁਆਹ ਲੈ ਕੇ ਪਟਵਾਰੀ ਦੇ ਦਫਤਰ 'ਚ ਟਰੈਪ ਲਾ ਕੇ ਰੰਗ ਲੱਗੇ ਪੰਜ ਹਜ਼ਾਰ ਰੁਪਏ ਨਾਲ ਪਟਵਾਰੀ ਨਰਿੰਦਰ ਸਿੰਘ ਨੂੰ ਕਾਬੂ ਕਰ ਲਿਆ।