ਜੇਐੱਨਐੱਨ, ਜਲੰਧਰ : ਰਾਜ ਸਰਕਾਰ ਵੱਲੋਂ ਸੂਬੇ ਨੂੰ 2025 ਤਕ ਟੀਬੀ ਮੁਕਤ ਕਰਵਾਉਣ ਦਾ ਟੀਚਾ ਹੈ। ਮਰੀਜ਼ਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਰਾਜ ਸਰਕਾਰ ਦੇ ਸੁਪਨੇ ਨੂੰ ਮਲੀਆਮੇਟ ਕਰ ਸਕਦੀ ਹੈ। ਪਿਛਲੇ ਤਿੰਨ ਸਾਲਾਂ ਵਿਚ ਟੀਬੀ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਦੇ ਨੇੜੇ ਪਹੁੰਚ ਗਈ ਹੈ। ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਨਾਲ ਅਤੇ ਇਲਾਜ ਵਿਚ ਸਮੱਸਿਆਵਾਂ ਸਾਹਮਣੇ ਆਉਣ ਲੱਗੀਆਂ ਹਨ। ਸਿਹਤ ਵਿਭਾਗ ਪਿਛਲੇ ਲਗਪਗ ਢਾਈ ਸਾਲਾਂ ਵਿਚ ਜਲੰਧਰ ਨੂੰ ਜ਼ਿਲ੍ਹਾ ਟੀਬੀ ਅਫਸਰ ਮੁਹੱਈਆ ਨਹੀਂ ਕਰਵਾ ਸਕਿਆ। ਉਥੇ ਸਟਾਫ ਦੀ ਕਿੱਲਤ ਵੀ ਇਲਾਜ 'ਚ ਸਮੱਸਿਆਵਾਂ ਖੜ੍ਹੀਆਂ ਕਰ ਰਹੀ ਹੈ। ਦੁੱਖ ਇਸ ਗੱਲ ਦਾ ਹੈ ਕਿ ਟੀਬੀ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਠੇਕੇ 'ਤੇ ਤਾਇਨਾਤ ਸਟਾਫ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਜ਼ਿਲ੍ਹੇ ਵਿਚ ਟੀਬੀ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਅਤੇ ਸਟਾਫ ਦਾ ਦਾਇਰਾ ਘੱਟ ਹੋਣ ਕਾਰਨ ਮਰੀਜ਼ਾਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੱਸਿਆ ਦਾ ਹੱਲ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ। ਵਿਭਾਗ ਦੇ ਉੱਚ ਅਧਿਕਾਰੀ ਸੀਐੱਚਸੀ ਸ਼ੰਕਰ ਦੇ ਐੱਸਐੱਮਓ ਨੂੰ ਜ਼ਿਲ੍ਹਾ ਟੀਬੀ ਅਧਿਕਾਰੀ ਦਾ ਵਾਧੂ ਕਾਰਜਭਾਰ ਦੇ ਕੇ ਕੰਮ ਚਲਾ ਰਿਹਾ ਹੈ ਜਿਸ ਦੀ ਰਫਤਾਰ ਕਾਫੀ ਿਢੱਲੀ ਪੈ ਚੁੱਕੀ ਹੈ।

ਟੀਬੀ ਮਰੀਜ਼ਾਂ ਨੂੰ ਲੱਭਣ ਲਈ ਘਰ-ਘਰ ਜਾਣਗੀਆਂ ਟੀਮਾਂ

ਜ਼ਿਲ੍ਹਾ ਟੀਬੀ ਅਧਿਕਾਰੀ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਟੀਬੀ ਦੇ ਮਰੀਜ਼ਾਂ ਨੂੰ ਲੱਭਣ ਲਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹੇ ਦੇ ਸਲੱਮ ਇਲਾਕਿਆਂ ਵਿਚ ਟੀਮਾਂ ਘਰ-ਘਰ ਜਾ ਕੇ ਟੀਬੀ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਜਾਂਚ ਪੜਤਾਲ ਕਰਕੇ ਟੈਸਟ ਕਰਵਾਏ ਜਾਣਗੇ। ਟੀਬੀ ਦੀ ਪੁਸ਼ਟੀ ਹੋਣ ਤੋਂ ਬਾਅਦ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਟੀਮਾਂ ਭਾਰਗੋ ਕੈਂਪ, ਨਿਊ ਸੁਰਾਜ ਗੰਜ, ਪਿਸ਼ੌਰੀ ਮੁਹੱਲਾ, ਆਜ਼ਾਦ ਨਗਰ, ਸੰਤ ਨਗਰ, ਮੰਗੂ ਬਸਤੀ, ਇੰਡਸਟਰੀਅਲ ਏਰੀਆ, ਗਾਂਧੀ ਕੈਂਪ, ਮਿੱਠੂ ਬਸਤੀ, ਮਕਸੂਦਾਂ, ਬਸਤੀ ਦਾਨਿਸ਼ਮੰਦਾਂ, ਚੰਡੀਗੜ੍ਹ ਮੁਹੱਲਾ, ਬਸਤੀ ਨੌਂ, ਬਸਤੀ ਗੁਜਾਂ, ਬਸਤੀ ਬਾਵਾ ਖੇਲ, ਕਾਜੀ ਮੰਡੀ, ਸੰਤੋਖਪੁਰਾ, ਲੰਮਾ ਪਿੰਡ, ਸੰਤੋਸ਼ੀ ਨਗਰ ਤੇ ਕਿਸ਼ਨਪੁਰਾ 'ਚ ਦੌਰਾ ਕਰੇਗੀ।

ਹਰ ਕਿਸੇ 'ਚ ਲੁਕਿਆ ਹੈ ਟੀਬੀ ਦਾ ਵਾਇਰਸ

ਜ਼ਿਲ੍ਹਾ ਟੀਬੀ ਅਧਿਕਾਰੀ ਡਾ. ਰਾਜੀਵ ਸ਼ਰਮਾ ਦਾ ਕਹਿਣਾ ਹੈ ਕਿ ਟੀਬੀ ਦੇ ਜੀਵਾਣੂ ਹਰ ਕਿਸੇ ਵਿਅਕਤੀ ਦੇ ਅੰਦਰ ਲੁਕੇ ਹੁੰਦੇ ਹਨ। ਇਸ ਤੋਂ ਇਲਾਵਾ ਹਵਾ ਵਿਚ ਵੀ ਹੁੰਦੇ ਹਨ। ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਵਿਚ ਜੀਵਾਣੂ ਸਰਗਰਮ ਹੋ ਕੇ ਟੀਬੀ ਜਾਂਚ ਵਿਚ ਸਾਹਮਣੇ ਆ ਜਾਂਦੇ ਹਨ। ਜ਼ਿਆਦਾਤਰ ਮਰੀਜ਼ ਸਲੱਮ ਇਲਾਕਿਆਂ 'ਚ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ ਐੱਚਆਈਵੀ ਦੇ ਦੋ ਫੀਸਦੀ ਮਰੀਜ਼ਾਂ ਨੂੰ ਟੀਬੀ ਸਾਹਮਣੇ ਆ ਰਹੀ ਹੈ। ਵਿਭਾਗ ਦੇ ਸਰਵੇਖਣ 'ਚ ਮਰੀਜ਼ਾਂ ਨੂੰ ਲੱਭ ਕੇ ਉਨ੍ਹਾਂ ਦਾ ਇਲਾਜ ਕਰ ਕੇ ਵਾਇਰਸ ਦਾ ਖਾਤਮਾ ਹੋ ਸਕੇਗਾ।