ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਸਤੀ ਗੁਜ਼ਾਂ ਸਥਿਤ ਕਮਿਊਨਿਟੀ ਹੈਲਥ ਸੈਂਟਰ 'ਚ ਮਰੀਜ਼ ਦੀ ਮੌਤ ਹੋ ਗਈ ਤੇ ਰਿਸ਼ਤੇਦਾਰਾਂ ਵੱਲੋਂ ਹੰਗਾਮਾ ਕੀਤਾ ਗਿਆ। ਦੋਸ਼ ਸੀ ਕਿ ਉਨ੍ਹਾਂ ਦਾ ਮਰੀਜ਼ ਤੜਫ-ਤੜਫ ਕੇ ਮਰ ਗਿਆ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਮੌਕੇ 'ਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ। ਬਸਤੀ ਮਿੱਠੂ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 48 ਸਾਲ ਦੇ ਪਿਤਾ ਸ਼ੇਰ ਸਿੰਘ ਸਵੇਰੇ ਕਰਤਾਰਪੁਰ ਸਥਿਤ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਘਰ 'ਚ ਸਬਜ਼ੀ ਛੱਡ ਕੇ ਮੋਢੇ 'ਚ ਦਰਦ ਹੋਣ ਦੀ ਦਵਾਈ ਲੈਣ ਲਈ ਹਸਪਤਾਲ ਪਹੁੰਚੇ। ਉਹ ਆਪੇ ਹੀ ਸਕੂਟਰ ਚਲਾ ਕੇ ਹਸਪਤਾਲ ਤਕ ਗਏ ਜਿੱਥੇ ਉਨ੍ਹਾਂ ਨੇ ਆਪਣਾ ਐਕਸ ਰੇ ਵੀ ਕਰਵਾਇਆ। ਕੁਝ ਹੀ ਦੇਰ ਬਾਅਦ ਉਸ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਉਸ ਦੇ ਪਿਤਾ ਦੀ ਤਬੀਅਤ ਖਰਾਬ ਹੋ ਗਈ ਹੈ ਤੇ ਉਹ ਡਿੱਗ ਗਏ ਹਨ, ਹਾਲਤ ਗੰਭੀਰ ਹੈ। ਉਹ ਤੁਰੰਤ ਹਸਪਤਾਲ ਪਹੁੰਚੇ ਤਾਂ ਵੇਖਿਆ ਕਿ ਉਨ੍ਹਾਂ ਦੇ ਪਿਤਾ ਹਸਪਤਾਲ ਦੇ ਦਾਖਲਾ ਦੁਆਰ ਵਿਚਾਲੇ ਹੀ ਡਿੱਗੇ ਹੋਏ ਸਨ ਤੇ ਆਲੇ-ਦੁਆਲੇ ਖੂਨ ਡੁੱਲਿ੍ਹਆ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਡਿਊਟੀ 'ਤੇ ਤਾਇਨਾਤ ਕਿਸੇ ਵੀ ਡਾਕਟਰ ਨੇ ਸਾਰ ਨਹੀਂ ਲਈ। ਇੱਥੋਂ ਤਕ ਕਿ ਪਿਤਾ ਦੀ ਸਹਾਇਤਾ ਕਰ ਰਹੇ ਹਨ ਵਿਅਕਤੀ ਨੂੰ ਵੀ ਪੁਲਿਸ ਮਾਮਲਾ ਹੋਣ ਦੀ ਗੱਲ ਕਹਿ ਕੇ ਧਮਕਾਉਣ ਦੇ ਦੋਸ਼ ਲਾਏ ਗਏ। ਉਨ੍ਹਾਂ ਨੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਸਪਤਾਲ ਦੇ ਡਾਕਟਰ ਖਿਲਾਫ ਮਾਮਲਾ ਦਰਜ ਕਰ ਸਸਪੈਂਡ ਕਰਨ ਦੀ ਮੰਗ ਰੱਖੀ ਹੈ। ਮੌਕੇ 'ਤੇ ਮੌਜੂਦ ਓਟਸ ਸੈਂਟਰ 'ਚ ਦਵਾਈ ਲੈਣ ਲਈ ਆਏ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਨੱਕ ਤੇ ਮੂੰਹ ਤੋਂ ਖੂਨ ਵੱਗ ਰਿਹਾ ਸੀ ਤੇ ਤੜਫ ਰਿਹਾ ਸੀ। ਉਨ੍ਹਾਂ ਨੇ ਰੌਲਾ ਪਾਇਆ ਤਾਂ ਵੀ ਕੋਈ ਡਾਕਟਰ ਉਨ੍ਹਾਂ ਕੋਲ ਨਹੀਂ ਪੁੱਜਾ। ਉਸ ਦੀ ਜੇਬ ਤੋਂ ਮੋਬਾਈਲ ਕੱਢ ਕੇ ਘਰੇ ਸੂਚਨਾ ਦਿੱਤੀ। ਮਾਮਲੇ ਨੂੰ ਲੈ ਕੇ ਕਰੀਬ 5 ਘੰਟੇ ਤਕ ਪਰਿਵਾਰ ਵੱਲੋਂ ਹਸਪਤਾਲ 'ਚ ਹੰਗਾਮਾ ਕੀਤਾ ਗਿਆ ਤੇ ਧਰਨਾ ਦਿੱਤਾ ਗਿਆ। ਮੌਕੇ 'ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਪੁੱਜੇ ਤੇ ਉਨ੍ਹਾਂ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਹਸਪਤਾਲ ਦੇ ਡਾਕਟਰ ਮਹੇਸ਼ ਪ੍ਰਭਾਕਰ ਨੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਪਰਚੀ ਬਣਾ ਕੇ ਉਸ ਦੀ ਜਾਂਚ ਲਈ ਐਕਸਰੇ ਕਰਵਾਏ ਗਏ ਤੇ ਇਲਾਜ ਦੀ ਪ੍ਰਕਿਰਿਆ ਚੱਲ ਰਹੀ ਸੀ। ਤਬੀਅਤ ਖਰਾਬ ਹੋਣ ਤੋਂ ਬਾਅਦ ਉਹ ਡਿੱਗ ਗਿਆ। ਸਿਵਲ ਹਸਪਤਾਲ 'ਚ ਸ਼ਿਫਟ ਕਰਵਾਉਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਰਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।