ਸਤਿੰਦਰ ਸ਼ਰਮਾ, ਫਿਲੌਰ : ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਪ੍ਰਰੋਵੇਸ਼ਨਰ ਡੀਐੱਸਪੀਜ਼, ਪ੍ਰਰੋਵੇਸ਼ਨਰ ਸਬ ਇੰਸਪੈਕਟਰਜ਼ ਦੀ ਬੇਸਿਕ ਟ੍ਰੇਨਿੰਗ ਕੋਰਸ ਮੁਕੰਮਲ ਹੋਣ 'ਤੇ ਪਾਸਿੰਗ ਆਊਟ ਪਰੇਡ ਕਰਵਾਈ ਗਈ ਜਿਸ ਵਿਚ ਅਕੈਡਮੀ ਦੀ ਡਾਇਰੈਕਟਰ ਅਨੀਤਾ ਪੁੰਜ ਆਈਪੀਐੱਸ ਨੇ ਪਰੇਡ ਤੋਂ ਸਲਾਮੀ ਲਈ। ਅਨੀਤਾ ਪੰੁਜ ਨੇ ਟ੍ਰੇਨੀਜ਼ ਨੂੰ ਸਫ਼ਲਤਾ ਪੂਰਵਕ ਪਾਸ ਆਊਟ ਕਰਨ 'ਤੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਪੰੁਜ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਦਾ ਯਤਨ ਕਰਨ। ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਸਮੇਂ ਦੇ ਹਾਣ ਦੇ ਹੋ ਕੇ ਚੱਲੀਏ। 21ਵੀਂ ਸਦੀ 'ਚ ਇੰਟਰਨੈੱਟ ਦਾ ਦੌਰ ਹੋਣ ਸਦਕਾ ਆਮ ਜਨਤਾ ਵਿਚ ਬਹੁਤ ਜ਼ਿਆਦਾ ਜਾਗਰੂਕਤਾ ਆਈ ਹੈ, ਇਸ ਲਈ ਪੁਲਿਸ ਨੂੰ ਵੀ ਸਮੇਂ ਦੇ ਨਾਲ-ਨਾਲ ਬਦਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਸਾਡੇ ਕੰਮ ਵਿਚ ਪਾਰਦਰਸ਼ਤਾ ਨਹੀਂ ਆਵੇਗੀ, ਆਪਣੇ ਅਕਸ ਨੂੰ ਨਹੀਂ ਨਿਖਾਰਾਂਗੇ, ਓਨੀ ਦੇਰ ਪੁਲਿਸ ਆਪਣੇ ਗੌਰਵ ਨੂੰ ਅਸਲੀ ਮਾਇਨਿਆਂ 'ਚ ਹਾਸਿਲ ਨਹੀਂ ਕਰ ਸਕੇਗੀ। ਇਸ ਲਈ ਬਹੁਤ ਜ਼ਰੂਰੀ ਹੈ ਕਿ ਇਨਸਾਨੀਅਤ ਨੂੰ ਆਪਣਾ ਧਰਮ ਮੰਨਦੇ ਹੋਏ ਪੁਲਿਸ ਦੀ ਡਿਊਟੀ ਨਾਲ ਇਨਸਾਫ਼ ਕਰੀਏ। ਪੁੰਜ ਨੇ ਕਿਹਾ ਕਿ ਬੇਸ਼ੱਕ ਇਹ ਠੀਕ ਹੈ ਕਿ ਪੁਲਿਸ ਦੀ ਡਿਊਟੀ ਬਹੁਤ ਸਖ਼ਤ ਤੇ ਆਪਣੀਆਂ ਭਾਵਨਾਵਾਂ ਨੂੰ ਮਾਰ ਕੇ ਕੰਮ ਕਰਨੀ ਪੈਂਦੀ ਹੈ ਪਰ ਇਹੋ ਪੁਲਿਸ ਦਾ ਫਖ਼ਰ ਹੈ ਕਿ ਸਾਰਾ ਦੇਸ਼ ਉਨ੍ਹਾਂ ਤੋਂ ਸੁਰੱਖਿਆ ਦੀ ਉਮੀਦ ਕਰਦਾ ਹੈ। ਅਕੈਡਮੀ ਚੋਂ ਪਾਸ ਆਊਟ ਕਰਨ ਵਾਲੇ ਹਰੇਕ ਟ੍ਰੇਨੀਜ਼ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਪੁਲਿਸ ਦੇ ਗੌਰਵ ਦਾ ਮਾਣ ਰੱਖੇ। ਇਸ ਪਾਸਿੰਗ ਆਊਟ ਪਰੇਡ ਵਿਚ ਕੁੱਲ 16 ਸਿੱਖਿਆਰਥੀ ਪਾਸ ਹੋਏ ਜਿਨ੍ਹਾਂ ਵਿਚੋਂ 5 ਪ੍ਰਵੇਸ਼ਨਰ ਡੀਐਸਪੀਜ਼ ਹਿਮਾਚਲ ਪ੍ਰਦੇਸ਼, 2 ਪ੍ਰਰੋਵੇਸ਼ਨਰ ਡੀਐੱਸਪੀਜ਼ ਪੰਜਾਬ ਪੁਲਿਸ ਤੋਂ ਇਲਾਵਾ 9 ਪ੍ਰਰੋਵੇਸ਼ਨਰ ਸਬ ਇੰਸਪੈਕਟਰ ਪੰਜਾਬ ਪੁਲਿਸ ਨੇ ਹਿੱਸਾ ਲਿਆ। ਪਰੇਡ ਦੀ ਅਗਵਾਈ ਪ੍ਰਰੋਵੇਸ਼ਨਰ ਡੀਐੱਸਪੀ ਵਿਸ਼ਾਲ ਵਰਮਾ ਨੇ ਕੀਤੀ। ਟ੍ਰੇਨਿੰਗ ਕੋਰਸ ਦੌਰਾਨ ਡੀਐੱਸਪੀ ਵਿਸ਼ਾਲ ਵਰਮਾ ਹਿਮਾਚਲ ਪ੍ਰਦੇਸ਼ ਤੇ ਪ੍ਰਰੋਵੇਸ਼ਨਰ ਡੀਐੱਸਪੀ ਅਮਨਦੀਪ ਕੌਰ ਦੀ ਪੁਜ਼ੀਸ਼ਨ ਆਲ ਰਾਊਂਡ ਫਸਟ ਆਈ। ਇਸ ਮੌਕੇ 'ਤੇ ਯੁਰਿੰਦਰ ਹੇਅਰ ਵਧੀਕ ਡਾਈਰੈਕਟਰ, ਜੀਐੱਸ ਸੰਧੂ ਆਈਪੀਐੱਸ ਜੁਆਇੰਟ ਡਾਰੈਕਟਰ, ਰਵਚਰਨ ਸਿੰਘ ਬਰਾੜ ਪੀਪੀਐੱਸ ਡਿਪਟੀ ਡਾਇਰੈਕਟਰ ਪ੍ਰਰਾਸ਼ਸਨ, ਜਸਵੀਰ ਸਿੰਘ ਰਾਏ ਪੀਪੀਐੱਸ ਡਿਪਟੀ ਡਾਇਰੈਕਟਰ ਇਨਡੋਰ ਅਤੇ ਅਕੈਡਮੀ ਦੇ ਹੋਰ ਅਧਿਕਾਰੀ ਤੇ ਸਟਾਫ਼ ਤੋਂ ਇਲਾਵਾ ਬਾਹਰੋਂ ਆਏ ਪਤਵੰਤੇ ਵੀ ਹਾਜ਼ਰ ਸਨ।