ਜ.ਸ., ਜਲੰਧਰ : ਨਗਰ ਨਿਗਮ 'ਤੇ ਪੰਜਾਬੀ ਦੀ ਕਹਾਵਤ 'ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ' ਪੂਰੀ ਤਰ੍ਹਾਂ ਫਿੱਟ ਬੈਠ ਰਹੀ ਹੈ। ਦੋ ਮਹੀਨਿਆਂ ਤੋਂ ਵਿਧਾਇਕ ਪਰਗਟ ਸਿੰਘ ਦੇ ਨਾਲ ਅਜਿਹਾ ਹੀ ਹੋ ਰਿਹਾ ਹੈ। ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪਰਗਟ ਸਿੰਘ ਆਪਣੇ ਹਲਕੇ ਨਾਲ ਜੁੜੇ ਵਿਕਾਸ ਪ੍ਰਰਾਜੈਕਟਾਂ ਤੇ ਰੂਟੀਨ ਕੰਮਾਂ ਲੈ ਕੇ ਨਗਰ ਨਿਗਮ ਅਫਸਰਾਂ ਨਾਲ ਮੀਟਿੰਗ ਕਰ ਰਹੇ ਹਨ। ਹਰ ਮੀਟਿੰਗ 'ਚ ਅਫਸਰ ਹੱਥ ਜੋੜ ਕੇ ਕਹਿੰਦੇ ਹਨ ਕਿ ਜੋ ਕੰਮ ਕਿਹਾ ਜਾ ਰਿਹਾ ਹੈ, ਉਹ ਹੋ ਜਾਵੇਗਾ ਪਰ ਪਿਛਲੇ 2 ਮਹੀਨਿਆਂ 'ਚ ਇਕ ਵੀ ਕੰਮ ਅੱਗੇ ਨਹੀਂ ਵਧਿਆ ਹੈ। ਹਰ ਮੀਟਿੰਗ 'ਚ ਵਿਧਾਇਕ ਪਰਗਟ ਸਿੰਘ ਸਿੰਘ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਨੂੰ ਨਿਰਦੇਸ਼ ਜਾਰੀ ਕਰ ਦਿੰਦੇ ਹਨ। ਅਫਸਰ ਵੀ ਕੰਮ ਕਰਵਾਉਣ ਬਾਰੇ ਹਾਂ 'ਤੇ ਹਾਂ ਕਰਦੇ ਹਨ ਤੇ ਸਾਰੇ ਕੰਮ ਜਲਦ ਪੂਰੇ ਕਰਨ ਦੀ ਗੱਲ ਕਹਿ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਜੋ-ਜੋ ਕੰਮ ਵਿਧਾਇਕ ਨੇ ਗਿਣਾਏ ਸਨ, ਉਹ ਅੱਜ ਵੀ ਉਥੇ ਹੀ ਖੜ੍ਹੇ ਹਨ, ਜਿੱਥੇ ਦੋ ਮਹੀਨੇ ਪਹਿਲਾਂ ਸਨ। ਸੋਮਵਾਰ ਨੂੰ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨਗਰ ਨਿਗਮ ਦਫਤਰ ਪਹੁੰਚੇ ਤੇ ਮੇਅਰ ਜਗਦੀਸ਼ ਰਾਜਾ ਦੀ ਮੌਜੂਦਗੀ 'ਚ ਅਫਸਰਾਂ ਨਾਲ ਮੀਟਿੰਗ ਕੀਤੀ। ਮੀਟਿੰਗ 'ਚ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਤੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ, ਵਿਭਾਗੀ ਅਧਿਕਾਰੀ ਮੌਜੂਦ ਰਹੇ। ਸੋਮਵਾਰ ਨੂੰ ਫਿਰ ਸਾਰੇ ਵਿਕਾਸ ਕੰਮਾਂ ਨੂੰ ਰੀਵਿਊ ਕੀਤਾ ਗਿਆ ਪਰ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਵਿਧਾਇਕ ਨੇ ਇਕ ਵਾਰ ਸਾਰੇ ਅਫਸਰਾਂ ਨੂੰ ਕਿਹਾ ਕਿ ਸ਼ਹਿਰ ਦੇ ਲੋਕਾਂ ਦੇ ਹਿੱਤ 'ਚ ਕੁਝ ਤਾਂ ਕੰਮ ਕਰ ਲਵੋ। ਉਨ੍ਹਾਂ ਕਿਹਾ ਕਿ ਇਸੇ ਕੰਮ ਲਈ ਦਫਤਰ ਆ ਰਹੇ ਹੋ ਪਰ ਇਹੀ ਨਹੀਂ ਕਰ ਰਹੇ। ਦੋਵਾਂ ਜੁਆਇੰਟ ਕਮਿਸ਼ਨਰ ਨੇ ਵਿਕਾਸ ਪ੍ਰਰਾਜੈਕਟ ਤੇ ਰੂਟੀਨ ਕੰਮਾਂ ਦੀ ਸੂਚੀ ਬਣਾ ਲਈ ਹੈ ਤੇ ਜੁਆਇੰਟ ਕਮਿਸ਼ਨਰ ਇਨ੍ਹਾਂ ਪ੍ਰਰਾਜੈਕਟਾਂ ਦੀ ਰੋਜ਼ਾਨਾ ਰਿਪੋਰਟ ਲੈਣਗੇ।

ਦੱਸਦੇਈਏ ਕਿ ਵਿਧਾਇਕ ਪਰਗਟ ਸਿੰਘ ਨੇ 2 ਮਹੀਨੇ ਪਹਿਲਾਂ ਪਹਿਲੀ ਰੀਵਿਊ ਮੀਟਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਕਰੀਬ 4 ਮੀਟਿੰਗਾਂ ਕੀਤੀਆਂ ਹਨ। ਸੁਭਾਣਾ ਅੰਡਰਪਾਸ, ਕੈਂਟ ਹਲਕੇ ਦੇ ਨਿਗਮ ਹੱਦ 'ਚ ਸ਼ਾਮਲ ਹੋਏ 11 ਪਿੰਡ ਸੜਕ-ਸੀਵਰੇਜ, ਡਰੇਨ ਨੂੰ ਬੰਦ ਕਰ ਕੇ ਨਵਾਂ ਰਸਤਾ ਬਣਾਉਣ ਤੇ ਕੈਂਟ ਹਲਕੇ 'ਚ ਜ਼ਿਆਦਾ ਕਰਮਚਾਰੀ ਤਾਇਨਾਤ ਕਰਨ ਦਾ ਮੁੱਦਾ ਰੱਖਿਆ ਸੀ। ਇਙ ਕੰਮ ਅੱਜ ਵੀ ਉਥੇ ਹੀ ਖੜ੍ਹੇ ਹਨ, ਜਿੱਥੇ ਦੋ ਮਹੀਨੇ ਪਹਿਲਾਂ ਸਨ। ਵਿਧਾਇਕ ਆਪਣੇ ਨਾਲ ਹਲਕੇ ਦੇ ਕੌਂਸਲਰਾਂ ਨੂੰ ਵੀ ਬੁਲਾ ਲੈਂਦੇ ਹਨ ਤਾਂ ਜੋ ਉਨ੍ਹਾਂ ਦੇ ਵਾਰਡਾਂ ਦੀ ਰੂਟੀਨ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ ਹੋ ਸਕੇ। ਸੂਬੇ 'ਚ ਸਰਕਾਰ ਬਦਲਣ ਤੋਂ ਬਾਅਦ ਤੋਂ ਨਗਰ ਨਿਗਮ ਦੀ ਕਾਰਜਪ੍ਰਣਾਲੀ ਪੂਰੀ ਤਰ੍ਹਾਂ ਧਵਸਤ ਹੋ ਗਈ ਹੈ। ਹਾਲ ਇਹ ਹੈ ਕਿ ਨਗਰ ਨਿਗਮ ਕੋਲ ਸਾਰੇ ਵਿਭਾਗਾਂ 'ਚ ਲੋੜ ਦੇ ਹਿਸਾਬ ਨਾਲ ਅਧਿਕਾਰੀ ਤਕ ਨਹੀਂ ਹਨ।

-------------------

ਇਕ ਵੀ ਕੰਮ 'ਤੇ ਕਾਰਵਾਈ ਸ਼ੁਰੂ ਨਹੀਂ ਹੋਈ

ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿਵਾਰ-ਵਾਰ ਮੀਟਿੰਗ ਤੋਂ ਬਾਅਦ ਵੀ ਕੋਈ ਵੀ ਕੰਮ ਅੱਗੇ ਨਹੀਂ ਵਧਿਆ ਹੈ। ਜਨਤਾ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਸ ਨੂੰ ਨਭਾਉਂਦੇ ਰਹਿਣਗੇ। ਲਗਾਤਾਰ ਮੀਟਿੰਗ ਕਰਦੇ ਰਹਿਣਗੇ ਤਾਂ ਜੋ ਅਧਿਕਾਰੀ ਵਿਕਾਸ ਕੰਮਾਂ 'ਤੇ ਕੁਝ ਨਾ ਕੁਝ ਕਾਰਵਾਈ ਜ਼ਰੂਰ ਕਰਨ। ਉਨ੍ਹਾਂ ਨੇ ਵਿਕਾਸ ਕੰਮਾਂ 'ਚ ਅਧਿਕਾਰੀਆਂ ਦੀ ਲਾਪਰਵਾਹੀ 'ਤੇ ਨਾਰਾਜ਼ਗੀ ਵੀ ਪ੍ਰਗਟਾਈ ਤੇ ਕਿਹਾ ਕਿ ਸਾਰਿਆਂ ਦਾ ਇਹ ਆਪਣਾ ਸ਼ਹਿਰ ਹੈ ਤੇ ਸ਼ਹਿਰ ਦੀ ਬਿਹਤਰੀ ਲਈ ਸਿਆਸਤ ਤੋਂ ਉਪਰ ਉਠ ਕੇ ਕੰਮ ਕਰਨਾ ਚਾਹੀਦਾ ਹੈ।